ਵਿਦੇਸ਼ਾਂ ’ਚ ਖੋਲ੍ਹਾਂਗੇ ਕਲੱਬ ਦੀਆਂ ਸ਼ਾਖਾਵਾਂ : ਢਿੱਲੋਂ
ਗੁੱਡ ਮੌਰਨਿੰਗ ਕਲੱਬ ਦੀਆਂ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿਖੇ ਖੁੱਲਣਗੀਆਂ ਸ਼ਾਖਾਵਾਂ : ਡਾ. ਢਿੱਲੋਂ
Publish Date: Mon, 09 Mar 2026 03:40 PM (IST)
Updated Date: Tue, 10 Mar 2026 04:00 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਕਰਕੇ ਵਿਸ਼ਵ ਭਰ ਵਿੱਚ ਪ੍ਰਸਿੱਧ ਹੋਈ ਸਮਾਜਸੇਵੀ ਸੰਸਥਾ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੀਆਂ ਸ਼ਾਖਾਵਾਂ ਕੈਨੇਡਾ, ਅਮਰੀਕਾ ਅਤੇ ਆਸਟੇ੍ਰਲੀਆ ਵਿਖੇ ਵੀ ਖੁੱਲਣਗੀਆਂ। ਦੋ ਉਸਾਰੂ ਸੋਚ ਰੱਖਣ ਵਾਲੇ ਐਨਆਰਆਈ ਸਤਬੀਰ ਸਿੰਘ ਬਰਾੜ, ਕਮਲਦੀਪ ਸਿੰਘ ਮਾਨ ਅਤੇ ਉਹਨਾ ਦੇ ਤੀਜੇ ਸਾਥੀ ਯਾਦਵਿੰਦਰ ਸਿੰਘ ਬਰਾੜ ਦਾ ਸਨਮਾਨ ਕਰਨ ਮੌਕੇ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸਤਬੀਰ ਸਿੰਘ ਬਰਾੜ ਯੂਐਸਏ, ਕਮਲਦੀਪ ਸਿੰਘ ਮਾਨ ਆਸਟੇ੍ਰਲੀਆ ਅਤੇ ਯਾਦਵਿੰਦਰ ਸਿੰਘ ਬਰਾੜ ਕੈਨੇਡਾ ਵਿਖੇ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਦੀਆਂ ਸ਼ਾਖਾਵਾਂ ਖੋਲਣ ਲਈ ਇਛੁੱਕ ਹਨ ਤੇ ਕਲੱਬ ਨੇ ਉਹਨਾ ਨੂੰ ਇਸ ਦੀ ਪ੍ਰਵਾਨਗੀ ਦੇ ਦਿੱਤੀ ਹੈ। ਡਾ ਢਿੱਲੋਂ ਨੇ ਦੱਸਿਆ ਕਿ ਉਹ ਮਈ ਜਾਂ ਜੂਨ ਦੇ ਮਹੀਨੇ ਉਕਤ ਸ਼ਾਖਾਵਾਂ ਸਬੰਧੀ ਖੁਦ ਕੈਨੇਡਾ, ਆਸਟੇ੍ਰਲੀਆ ਅਤੇ ਯੂਐਸਏ ਵਿਖੇ ਫੇਰੀ ਪਾਉਣਗੇ। ਸਤਬੀਰ ਸਿੰਘ ਬਰਾੜ ਅਤੇ ਕਮਲਦੀਪ ਸਿੰਘ ਮਾਨ ਨੇ ਮੰਨਿਆ ਕਿ ਉਹਨਾ ਦੇ ਮਾਪੇ ਜਦੋਂ ਵਿਦੇਸ਼ ਮਿਲਣ ਲਈ ਆਉਂਦੇ ਹਨ ਤਾਂ ਉਹਨਾ ਨੂੰ ਇਸ ਤਰਾਂ ਦਾ ਮਾਹੌਲ ਨਹੀਂ ਮਿਲਦਾ, ਉਹ ਜਿਆਦਾ ਸਮਾਂ ਘਰ ਬੈਠਣ ਦੀ ਬਜਾਏ ਪਾਰਕਾਂ ਵਿੱਚ ਬਿਤਾਉਣ ਨੂੰ ਤਰਜੀਹ ਦਿੰਦੇ ਹਨ, ਇਸ ਲਈ ਉਹਨਾਂ ਨੇ ਗੁੱਡ ਮੌਰਨਿੰਗ ਕਲੱਬ ਦੇ ਨਾਮ ’ਤੇ ਸ਼ਾਖਾਵਾਂ ਖੋਲਣ ਦੀ ਪ੍ਰਵਾਨਗੀ ਮੰਗੀ ਹੈ। ਉਹਨਾ ਮੰਨਿਆ ਕਿ ਪੰਜਾਬੀ ਬਹੁਤਾਤ ਵਾਲੇ ਮੁਲਕਾਂ ਵਿੱਚ ਸਾਂਝੀਆਂ ਥਾਵਾਂ ਜਾਂ ਖੁਸ਼ੀ-ਗਮੀ ਦੇ ਪੋ੍ਰਗਰਾਮਾ ਮੌਕੇ ਗੁੱਡ ਮੌਰਨਿੰਗ ਕਲੱਬ ਦੀ ਚਰਚਾ ਜਰੂਰ ਹੁੰਦੀ ਹੈ ਅਤੇ ਚਰਚਾ ਕਰਨ ਵਾਲੇ ਮਰਦ-ਔਰਤਾਂ ਕਲੱਬ ਦੀਆਂ ਸੇਵਾਵਾਂ ਦੀ ਪ੍ਰਸੰਸਾ ਜਰੂਰ ਕਰਦੇ ਹਨ। ਕਲੱਬ ਦੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਕਲੱਬ ਦੀਆਂ ਪ੍ਰਾਪਤੀਆਂ, ਪਿਛੋਕੜ, ਵਰਤਮਾਨ ਅਤੇ ਭਵਿੱਖ ਦੇ ਉਲੀਕੇ ਪੋ੍ਰਗਰਾਮਾ ਤੋਂ ਜਾਣੂ ਕਰਵਾਇਆ। ਅੰਤ ਵਿੱਚ ਐਨਆਰਆਈ ਸੱਜਣਾ ਵਲੋਂ ਕਲੱਬ ਦੇ ਸੈਲਫੀ ਪੁਆਂਇੰਟ ਤੋਂ ਵੀ ਵੱਖ ਵੱਖ ਕਿਸਮ ਦੀਆਂ ਯਾਦਗਾਰੀ ਤਸਵੀਰਾਂ ਖਿਚਵਾਈਆਂ ਗਈਆਂ।