ਨਿਸ਼ਕਾਮ ਸੇਵਾ ਸੰਮਤੀ ਨੇ ਰਾਸ਼ਨ ਵੰਡ ਸਮਾਰੋਹ ਕਰਵਾਇਆ
‘ਨਿਸ਼ਕਾਮ ਸੇਵਾ ਸੰਮਤੀ ਦਾ 272ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ’
Publish Date: Thu, 05 Feb 2026 03:44 PM (IST)
Updated Date: Fri, 06 Feb 2026 04:02 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਦੀਆਂ ਪਿਛਲੇ 22 ਸਾਲਾਂ ਤੋਂ ਚੱਲ ਰਹੀਆਂ ਸੇਵਾਵਾਂ ਬਾਰੇ ਸੀਨੀਅਰ ਸਕੱਤਰ ਲੈਕ ਵਰਿੰਦਰ ਕਟਾਰੀਆ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵ: ਡਾ ਸੁਰਿੰਦਰ ਦਿਵੇਦੀ ਦੇ ਯਤਨਾ ਸਦਕਾ ਹੋਂਦ ਵਿੱਚ ਆਈ ਇਸ ਸੰਸਥਾ ਵਲੋਂ ਬਿਨਾ ਕਿਸੇ ਵਿਤਕਰੇਬਾਜੀ ਦੇ 425 ਦੇ ਕਰੀਬ ਵਿਧਵਾ, ਬੇਸਹਾਰਾ ਅਤੇ ਲੋੜਵੰਦ ਔਰਤਾਂ ਨੂੰ ਇਕ ਮਹੀਨੇ ਦਾ ਮੁਕੰਮਲ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਨਿਸ਼ਕਾਮ ਸੇਵਾ ਸੰਮਤੀ ਦੇ 272ਵੇਂ ਮਾਸਿਕ ਰਾਸ਼ਨ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਸ਼ੀਤਲ ਗੋਇਲ, ਉਹਨਾ ਦੀ ਧਰਮਪਤਨੀ ਨੇਹਾ ਗੋਇਲ ਅਤੇ ਹੋਣਹਾਰ ਬੇਟੀ ਖੁਸ਼ੀ ਗੋਇਲ ਨੇ ਸੰਸਥਾ ਦੇ ਨਿਸ਼ਕਾਮ ਉਪਰਾਲਿਆਂ ਦੀ ਪ੍ਰਸੰਸਾ ਕਰਦਿਆਂ 5100 ਰੁਪਏ ਦੀ ਰਾਸ਼ੀ ਭੇਂਟ ਕੀਤੀ। ਉਹਨਾ ਮੰਨਿਆ ਕਿ ਨਿਸ਼ਕਾਮ ਸੇਵਾ ਸੰਮਤੀ ਵਰਗੀਆਂ ਸੰਸਥਾਵਾਂ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ। ਸੰਸਥਾ ਦੇ ਪ੍ਰਧਾਨ ਡਾ ਮਨੋਜ ਦਿਵੇਦੀ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਸਰਪ੍ਰਸਤ ਯਸ਼ ਅਗਰਵਾਲ ਨੇ ਉਸਾਰੂ ਅਤੇ ਪ੍ਰੇਰਨਾਸਰੋਤ ਨੁਕਤਿਆਂ ਦੀ ਸਾਂਝ ਪਾਉਂਦਿਆਂ ਦਾਅਵਾ ਕੀਤਾ ਕਿ ਜੇਕਰ ਅਸੀਂ ਆਪਣੇ ਢੰਗ ਤਰੀਕੇ ਬਦਲ ਲਈਏ ਤਾਂ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਸੰਸਥਾ ਦੇ ਮੁੱਖ ਸਲਾਹਕਾਰ ਸ਼੍ਰੀ ਟੀ.ਆਰ. ਅਰੋੜਾ ਨੇ ਆਪਣੇ ਪੋਤਰੇ ਦੇ ਜਨਮ ਦੀ ਖੁਸ਼ੀ ਵਿੱਚ ਸੰਸਥਾ ਨੂੰ 5100 ਰੁਪਏ, ਖਜਾਨਚੀ ਸ਼੍ਰੀ ਸੋਮਨਾਥ ਗਰਗ ਨੇ ਆਪਣੇ 50ਵੇਂ ਜਨਮ ਦਿਨ ਦੀ ਖੁਸ਼ੀ ਵਿੱਚ 2100 ਰੁਪਏ ਦੀ ਰਾਸ਼ੀ ਭੇਂਟ ਕੀਤੀ।