ਵਿਧਾਇਕ ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ, ਵਿਧਾਇਕ ਸੇਖੋਂ ਵੱਲੋਂ ਮੰਡੀਆਂ ਵਿੱਚ ਸਟੀਲ ਚਾਰ ਸ਼ੈੱਡਾਂ ਦੇ ਨੀਂਹ ਪੱਥਰ ਰੱਖੇ
Publish Date: Thu, 05 Feb 2026 03:41 PM (IST)
Updated Date: Fri, 06 Feb 2026 04:02 AM (IST)

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਅੱਜ ਦਾਣਾ ਮੰਡੀ ਫ਼ਰੀਦਕੋਟ ਵਿਖੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ। ਇਸ ਸਮਾਰੋਹ ਦੌਰਾਨ ਮੰਡੀਆਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਸਬਜ਼ੀ ਮੰਡੀ ਫ਼ਰੀਦਕੋਟ (ਐਡੀਸ਼ਨ ਏਰੀਆ) ਵਿੱਚ ਇੱਕ ਸਟੀਲ ਸ਼ੈੱਡ, ਦਾਣਾ ਮੰਡੀ ਫ਼ਰੀਦਕੋਟ (ਐਡੀਸ਼ਨ ਏਰੀਆ) ਵਿੱਚ ਦੋ ਸਟੀਲ ਸ਼ੈੱਡ ਅਤੇ ਨਵੀਂ ਦਾਣਾ ਮੰਡੀ ਫ਼ਰੀਦਕੋਟ (ਹੈਲੀਪੈਡ ਏਰੀਆ) ਵਿੱਚ ਇੱਕ ਸਟੀਲ ਸ਼ੈੱਡ ਦੇ ਨੀਂਹ ਪੱਥਰ ਰੱਖੇ ਗਏ। ਇਨ੍ਹਾਂ ਪ੍ਰੋਜੈਕਟਾਂ ’ਤੇ ਕੁੱਲ ਮਿਲਾ ਕੇ ਲਗਭਗ 4 ਕਰੋੜ 10 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 14 ਲੱਖ ਰੁਪਏ ਦੀ ਲਾਗਤ ਨਾਲ ਮੰਡੀਆਂ ਵਿੱਚ ਕਿਸਾਨਾਂ ਦੇ ਬੈਠਣ ਲਈ 2 ਸ਼ੈੱਡ ਬਣਾਏ ਜਾ ਰਹੇ ਹਨ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਡੀਆਂ ਵਿੱਚ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟੀਲ ਸ਼ੈੱਡਾਂ ਦੇ ਬਣਨ ਨਾਲ ਫ਼ਸਲਾਂ ਦੀ ਸੰਭਾਲ, ਲੋਡਿੰਗ-ਅਨਲੋਡਿੰਗ ਅਤੇ ਮੌਸਮੀ ਪ੍ਰਭਾਵਾਂ ਤੋਂ ਬਚਾਵ ਵਿੱਚ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਆਉਣ ਤੋਂ ਪਹਿਲਾ ਇਹ ਸ਼ੈੱਡ ਬਣ ਕੇ ਤਿਆਰ ਹੋ ਜਾਣਗੇ। ਉਨ੍ਹਾਂ ਹੋਰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਹਲਕਾ ਫ਼ਰੀਦਕੋਟ ਵਿੱਚ ਸੜਕਾਂ, ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲਗਾਤਾਰ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਅਮਨਦੀਪ ਸਿੰਘ ਬਾਬਾ, ਬਿਕਰਮਜੀਤ ਸਿੰਘ ਐਕਸੀਅਨ, ਮਨਜੀਤ ਸਿੰਘ ਐਸ.ਡੀ.ਓ, ਅਮਰਜੀਤ ਸਿੰਘ ਪਰਮਾਰ, ਗੁਰਪ੍ਰੀਤ ਸਿੰਘ ਟਰੇਡ ਵਿੰਗ, ਬਿੱਟੂ ਮਿਆਣਾ ਸਰਪੰਚ, ਗੁਰਮੇਲ ਸਿੰਘ ਮਚਾਕੀ, ਹਰਪਾਲ ਸਿੰਘ ਬੇਗੂਵਾਲਾ, ਮਨੋਜ ਜਿੰਦਲ ਆੜਤੀਆਂ,ਵਿਕਾਸ ਗਰਗ, ਸੁਧੀਰ ਛਾਬੜਾ, ਕੇਵਲ ਕ੍ਰਿਸ਼ਨ ਜੀ, ਗੋਬਿੰਦਰ ਸਿੰਘ, ਭਰਪੂਰ ਸਿੰਘ ਕਾਉਣੀ, ਜਗਮੋਹਨ ਸਿੰਘ ਲੱਕੀ, ਰੁਪਿੰਦਰ ਲਾਡੀ ਅਹੂਜਾ ਹਾਜ਼ਰ ਸਨ।