ਭਾਜਪਾ ਦੀ ਮੋਗਾ ਰੈਲੀ ਨੇ ਇਤਿਹਾਸ ਸਿਰਜਿਆ : ਟੋਨੀ ਸ਼ਰਮਾ
ਮੋਗਾ ਰੈਲੀ ਨੇ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨ ਦਾ ਰੱਖਿਆ ਨੀਂਹ ਪੱਥਰ : ਭਾਜਪਾ ਆਗੂ
Publish Date: Thu, 19 Mar 2026 05:14 PM (IST)
Updated Date: Fri, 20 Mar 2026 04:07 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰਨੀ ਮੈਂਬਰ ਤੇ ਮਨ ਕੀ ਬਾਤ ਪੰਜਾਬ ਦੇ ਸਹਿ ਸੰਯੋਜਕ ਸੰਦੀਪ ਕੁਮਾਰ ‘ਟੋਨੀ ਸ਼ਰਮਾ’ ਜੈਤੋ ਅਤੇ ਭਾਰਤੀ ਜਨਤਾ ਪਾਰਟੀ ਐੱਸ.ਸੀ. ਮੋਰਚਾ ਪੰਜਾਬ ਦੇ ਸਕੱਤਰ ਜਸਪਾਲ ਸਿੰਘ ਪੰਜਗਰਾਈਂ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਹੈ ਕਿ 14 ਮਾਰਚ ਨੂੰ ਭਾਜਪਾ ਵੱਲੋਂ ਮੋਗਾ ਵਿਖੇ ਕੀਤੀ ਗਈ ਬਦਲਾਅ ਰੈਲੀ ਨੇ 2027 ਵਿਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨ ਦਾ ਨੀਂਹ ਪੱਥਰ ਰੱਖਿਆ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਆਮਦ ਵਾਲੀ ਮੋਗਾ ਰੈਲੀ ਨੇ ਪੰਜਾਬ ਅੰਦਰ ਅੱਜ ਤੱਕ ਦੀਆਂ ਸਾਰੀਆਂ ਸਿਆਸੀ ਰੈਲੀਆਂ ਨੂੰ ਪਛਾੜ ਕੇ ਇੱਕ ਨਵਾਂ ਇਤਿਹਾਸ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਪਹੁੰਚੇ ਵੱਡੇ ਜਨਸੈਲਾਬ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਮੌਕਾ ਦੇਣ ਲਈ ਕਾਹਲੇ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਤਰੱਕੀ ਕਰ ਰਿਹਾ ਹੈ ਉਸੇ ਤਰ੍ਹਾਂ ਪੰਜਾਬ ਵੀ ਭਾਜਪਾ ਦੀ ਸਰਪ੍ਰਸਤੀ ਨਾਲ ਹੀ ਵਿਕਾਸ ਦੀ ਲੀਹ ਉੱਤੇ ਚੜ੍ਹ ਸਕਦਾ ਹੈ। ਜਿਸ ਦੀ ਪ੍ਰਤੱਖ ਉਦਾਹਰਨ ਗੁਆਂਢੀ ਸੂਬਾ ਹਰਿਆਣਾ ਹੈ ਕਿਉਂਕਿ ਜਦੋਂ ਹਰਿਆਣਾ ਅੰਦਰ ਭਾਜਪਾ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਹਰਿਆਣਾ ਨੇ ਵਿਕਾਸ ਪੱਖੋਂ ਪਿੱਛੇ ਮੁੜ ਕੇ ਨਹੀਂ ਦੇਖਿਆ। ਸੰਦੀਪ ਕੁਮਾਰ ‘ਟੋਨੀ ਸ਼ਰਮਾ’ ਅਤੇ ਜਸਪਾਲ ਸਿੰਘ ਪੰਜਗਰਾਈ ਨੇ ਕਿਹਾ ਕਿ ਪੰਜਾਬ ਅਤੇ ਖ਼ਾਸ ਕਰ ਦਲਿਤ ਵਰਗ ਦੀ ਭਲਾਈ ਲਈ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਣ ਸਰਕਾਰ ਦਾ ਸੱਤਾ ਵਿਚ ਆਉਣਾ ਲਾਜ਼ਮੀ ਹੋ ਗਿਆ ਹੈ ਕਿਉਂਕਿ ਪੰਜਾਬੀਆਂ ਨੇ ਹੁਣ ਤੱਕ ਸਾਰੀ ਸਿਆਸੀ ਪਾਰਟੀਆਂ ਨੂੰ ਮੌਕਾ ਦੇ ਕੇ ਦੇਖ ਲਿਆ ਹੈ ਜਿਸ ਨਾਲ ਉਨ੍ਹਾਂ ਦੇ ਪੱਲੇ ਸਿਰਫ਼ ਨਿਰਾਸ਼ਾ ਹੀ ਪਈ ਹੈ।