ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨ ਵਿਰੋਧੀ : ਨਛੱਤਰ ਜੈਤੋ
ਮੋਦੀ ਸਰਕਾਰ ਨੇ ਦੇਸ਼ ਦੀ ਕਿਸਾਨੀ ਨੂੰ ਅਮਰੀਕਾ ਦੀਆਂ ਕਾਰਪੋਰੇਟ ਕੰਪਨੀਆਂ ਹਵਾਲੇ ਕਰ ਦਿੱਤਾ : ਨਛੱਤਰ ਜੈਤੋ
Publish Date: Fri, 20 Mar 2026 03:59 PM (IST)
Updated Date: Sat, 21 Mar 2026 04:02 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਸੂਬਾ ਪ੍ਰਧਾਨ ਨਛੱਤਰ ਸਿੰਘ ਜੈਤੋ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਦੇਸ਼ ਦੀ ਕਿਸਾਨੀ ਨੂੰ ਅਮਰੀਕਾ ਦੀਆਂ ਕਾਰਪੋਰੇਟ ਕੰਪਨੀਆਂ ਹਵਾਲੇ ਕਰ ਦਿੱਤਾ ਹੈ। ਭਾਰਤ ਵਿਚ 85 ਫ਼ੀਸਦੀ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ। ਇਸ ਮੁਕਤ ਵਪਾਰ ਸਮਝੌਤੇ ਨਾਲ ਜਿਹੜੀ ਮਾੜੀ ਮੋਟੀ ਕਿਸਾਨਾਂ ਦੀ ਫ਼ਸਲ ਖ਼ਰੀਦੀ ਜਾਂਦੀ ਸੀ ਉਹ ਵੀ ਖ਼ਤਮ ਹੋਵੇਗੀ, ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਸਿਰਫ਼ 5 ਤੋਂ 7 ਫ਼ੀਸਦੀ ਤੱਕ ਹੀ ਸਬਸਿਡੀ ਦਿੱਤੀ ਜਾਂਦੀ ਹੈ ਖੇਤੀ ਲਾਗਤ ਇਸ ਨਾਲੋਂ ਵੱਧ ਹੈ। ਦੂਜੇ ਪਾਸੇ ਅਮਰੀਕਾ ਦੇ ਵਿਚ ਕਾਰਪੋਰੇਟ ਘਰਾਣੇ ਖੇਤੀ ਕਰਦੇ ਹਨ ਤੇ ਉਦਾਹਰਨ ਦੇ ਤੌਰ ’ਤੇ ਬਿੱਲ ਗੇਟ ਦੇ ਕੋਲ ਢਾਈ ਲੱਖ ਏਕੜ ਜ਼ਮੀਨ ਹੈ, ਜਿਸ ਵਿਚ ਉਹ ਖੇਤੀ ਪੈਦਾਵਾਰ ਕਰਦਾ ਹੈ। ਉਨ੍ਹਾਂ ਦੁਆਰਾ ਪੈਦਾ ਕੀਤਾ ਵਾਧੂ ਅਨਾਜ ਸਮੁੰਦਰ ਵਿਚ ਸੁੱਟਣਾ ਪੈਂਦਾ ਸੀ, ਹੁਣ ਉਹ ਅਨਾਜ ਭਾਰਤ ਦੀ ਮੰਡੀ ਵਿਚ ਵੇਚਣ ਲਈ ਮੁਕਤ ਵਪਾਰ ਸਮਝੌਤਾ ਕੀਤਾ ਅਤੇ ਕਾਰਪੋਰੇਟ ਕੰਪਨੀਆਂ ਜਦੋਂ ਅਮਰੀਕੀ ਕੰਪਨੀਆਂ ਭਾਰਤ ਦੇ ਵਿਚ ਆਪਣਾ ਅਨਾਜ ਲੈ ਕੇ ਆਉਣਗੀਆਂ, ਉਨ੍ਹਾਂ ਨੂੰ ਕੋਈ ਟੈਕਸ ਨਹੀਂ ਲੱਗੇਗਾ ਅਤੇ ਹੁਣ ਮੁਕਤ ਵਪਾਰ ਸਮਝੌਤੇ ਅਨੁਸਾਰ ਅਗਲੇ ਪੰਜ ਸਾਲਾਂ ਵਿਚ ਅਮਰੀਕਾ ਦੀਆਂ ਕਾਰਪੋਰੇਟ ਕੰਪਨੀਆਂ 500 ਲੱਖ ਕਰੋੜ ਰੁਪਏ ਦਾ ਅਨਾਜ ਭਾਰਤ ਵਿਚ ਲਿਆਉਣਗੀਆਂ। ਹਰ ਸਾਲ ਲੱਖਾਂ ਕਰੋੜਾਂ ਰੁਪਏ ਦਾ ਅਨਾਜ ਅਤੇ ਦੁੱਧ ਭਾਰਤ ਵਿਚ ਲੈ ਕੇ ਆਉਣਗੀਆਂ, ਜਾਨੀ ਭਾਰਤ ਦੇ ਕੁੱਲ ਅਨਾਜ ਨਾਲੋਂ ਚਾਰ ਗੁਣਾ ਹੋਰ ਵੱਧ ਅਨਾਜ ਭਾਰਤ ਦੀ ਮੰਡੀ ਵਿਚ ਆਵੇਗਾ। ਇਸ ਨਾਲ ਜੋ ਭਾਰਤ ਦੇ ਕਿਸਾਨ ਅਨਾਜ ਪੈਦਾਵਾਰ ਕਰਦੇ ਹਨ ਤੇ ਜੋ ਲਾਗਤ ਖ਼ਰਚਾ ਮਾੜਾ ਮੋਟਾ ਨਿਕਲਦਾ ਹੈ, ਸਭ ਖ਼ਤਮ ਹੋ ਜਾਵੇਗਾ। ਸਰਕਾਰ ਸਮਝੌਤੇ ਦੀਆਂ ਸ਼ਰਤਾਂ ਲੋਕਾਂ ਵਿਚ ਤੁਰੰਤ ਜਨਤਕ ਕਰੇ।