- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਕਾਨਦਾਰਾਂ ਦੀ ਸਮੱਸਿਆ ਸੁਣਨ ਲਈ ਵਿਧਾਇਕ ਸੇਖੋਂ ਸਾਦਿਕ ਪੁੱਜੇ

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸਾਦਿਕ ਵਿਖੇ ਬਣੀਆਂ ਪੰਚਾਇਤ ਅਤੇ ਬਲਾਕ ਸੰਮਤੀ ਦੀਆਂ ਦੁਕਾਨਾਂ ਵਿੱਚ ਬੈਠੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸਾਦਿਕ ਪੁੱਜੇ ਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨਾਂ ਨਾਲ ਸਰਬਜੀਤ ਸਿੰਘ ਬਰਾੜ ਚੇਅਰਮੈਨ ਬਲਾਕ ਸੰਮਤੀ ਫਰੀਦਕੋਟ, ਜੈਦੀਪ ਸਿੰਘ ਬਰਾੜ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਸਾਦਿਕ , ਗੁਰਪ੍ਰੀਤ ਸਿੰਘ ਸਿੱਧੂ ਚੇਅਰਮੈਨ ਵਪਾਰ ਮੰਡਲ ਵਿੰਗ, ਗੁਰਸ਼ਰਨ ਸਿੰਘ ਮੈਂਬਰ ਜ਼ਿਲਾ ਪ੍ਰੀਸ਼ਦ, ਮਨਪ੍ਰੀਤ ਸਿੰਘ ਸੰਧੂ ਸੁਪਰਡੈਂਟ, ਗੁਰਮੀਤ ਸਿੰਘ ਪੰਚਾਇਤ ਸਕੱਤਰ, ਨਵੀਨ ਅਰੋੜਾ, ਸਰਪੰਚ ਡਾ. ਦੀਸ਼ਾ ਸਿੰਘ ਤੇ ਪੰਚਾਇਤ ਮੈਂਬਰ ਵੀ ਸਨ।ਵਪਾਰ ਮੰਡਲ ਸਾਦਿਕ ਦੇ ਪ੍ਰਧਾਨ ਸੁਰਿੰਦਰ ਸੇਠੀ ਨੇ ਦੱਸਿਆ ਕਿ ਵਿਭਾਗ ਅਤੇ ਪੰਚਾਇਤ ਵੱਲੋਂ ਦੁਕਾਨਦਾਰਾਂ ਨੂੰ ਨੋਟਿਸ ਕੱਢੇ ਜਾ ਰਹੇ ਹਨ ਤੇ ਇਸ ਤੋਂ ਪਹਿਲੀ ਪੰਚਾਇਤ ਨੂੰ ਦੁਕਾਨਦਾਰਾਂ ਵੱਲੋਂ ਕਰਾਇਆ ਦਿੱਤਾ ਗਿਆ ਸੀ ਤੇ ਉਸ ਦੀਆਂ ਰਸੀਦਾਂ ਵੀ ਦੁਕਾਨਦਾਰਾਂ ਕੋਲ ਹਨ ਪਰ ਉਹ ਕਰਾਇਆ ਦੁਕਾਨਦਾਰਾਂ ਦੇ ਖਾਤੇ ਵਿੱਚ ਜਮਾਂ ਨਹੀਂ ਕੀਤਾ ਗਿਆ। ਅਨੇਕਾਂ ਦੁਕਾਨਦਾਰਾਂ ਨੇ ਕਿਹਾ ਕਿ ਉਨਾਂ ਕੋਲ ਰਸੀਦਾਂ ਹਨ ਪਰ ਕਰਾਇਆ ਦੁਬਾਰਾ ਮੰਗਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰ ਸਾਲ 5 ਫੀਸਦੀ ਕਰਾਇਆ ਵਧਾਇਆ ਜਾਂਦਾ ਹੈ ਜਦੋਂ ਕਿ ਪਹਿਲਾਂ ਹੀ ਬਹੁਤ ਕਰਾਇਆ ਫਿਕਸ ਕੀਤਾ ਹੋਇਆ ਹੈ। ਮੌਜੂਦਾ ਸਰਪੰਚ ਨੇ ਕਿਹਾ ਜੋ ਤੁਹਾਨੂੰ ਪੁਰਾਣੀ ਪੰਚਾਇਤ ਨੇ ਰਸੀਦਾਂ ਦਿੱਤੀਆਂ ਹਨ ਉਹ ਰਕਮ ਪੰਚਾਇਤ ਖਾਤੇ ਜਮਾਂ ਨਹੀਂ ਹੋਈ ਤੇ ਕੁਝ ਦੁਕਾਨਦਾਰਾਂ ਵੱਲੋਂ ਬਿਨਾਂ ਇਜਾਜਤ ਦੁਕਾਨਾਂ ਦੀ ਭੰਨਤੋੜ ਕੀਤੀ ਗਈ ਹੈ। ਹੁਣ ਤੱਕ ਲਗਭਗ ਇੱਕ ਕਰੋੜ ਰੁਪਏ ਤੋਂ ਵੱਧ ਦੁਕਾਨਦਾਰਾਂ ਵੱਲ ਕਰਾਇਆ ਬਕਾਇਆ ਖੜ੍ਹਾ ਹੈ।ਦੁਕਾਨਾਂਦਾਰਾਂ ਨੇ ਵਿਧਾਇਕ ਨੂੰ ਕਿਹਾ ਕਿ ਪੰਚਾਇਤ ਤੇ ਸੰਮਤੀ ਦੀਆਂ ਦੁਕਾਨਾਂ ਬਹੁਤ ਨੀਵੀਂਆਂ ਹੋ ਚੁੱਕੀਆਂ ਹਨ ਤੇ ਉਹ ਦੁਕਾਨਾਂ ਨੂੰ ਆਪਣੇ ਖਰਚੇ ਤੇ ਉੱਚਾ ਕਰਨ ਲਈ ਤਿਆਰ ਹਨ ਬਸ਼ਰਤੇ ਸਾਨੂੰ ਲਿਖਤੀ ਤੌਰ ਤੇ ਇਜਾਜਤ ਦਿੱਤੀ ਜਾਵੇ। ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਨਜਾਇਜ਼ ਕਬਜੇ ਹਟਾਉਣ ਲਈ ਵੀ ਕਿਹਾ। ਇਸ ਤੋਂ ਇਲਾਵਾ ਮੁਕਤਸਰ ਰੋਡ ਵਾਲੀ ਸੜਕ ਬਣਾਉਣ, ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ, ਸੜਕ ਵਾਲਾ ਨਿਕਾਸੀ ਨਾਲ ਫਿਰੋਜ਼ਪੁਰ ਵਾਲੀ ਸੜਕ ਨਾਲ ਜੋੜਨ ਅਤੇ ਪੁਰਾਣਾ ਨਿਕਾਸੀ ਨਾਲਾ ਸਮੇਂ ਸਮੇਂ ਸਾਫ ਕਰਾਉਣ ਦੀ ਵੀ ਮੰਗ ਰੱਖੀ ਗਈ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸਾਰਾ ਮਾਮਲਾ ਬੜੇ ਧਿਆਨ ਨਾਲ ਸੁਣਦਿਆਂ ਦੁਕਾਨਦਾਰਾਂ ਨੂੰ ਕਿਹਾ ਕਿ ਪੰਚਾਇਤ ਸਰਕਾਰ ਦੀ ਹੁੰਦੀ ਹੈ ਤੇ ਅਗਰ ਕੋਈ ਪੰਚਾਇਤ ਦਾ ਆਗੂ ਗੜਬੜੀ ਕਰਦਾ ਹੈ ਜਾਂ ਫਰਾਡ ਕਰਦਾ ਹੈ ਤਾਂ ਦੁਕਾਨਦਾਰਾਂ ਦਾ ਕੋਈ ਕਸੂਰ ਨਹੀਂ ਹੈ। ਜਿੰਨਾਂ ਦੁਕਾਨਦਾਰਾਂ ਕੋਲ ਪਿਛਲੀ ਪੰਚਾਇਤ ਨੂੰ ਦਿੱਤੇ ਕਰਾਏ ਦੀਆਂ ਰਸੀਦਾਂ ਹਨ ਉਹ ਮੰਨਣਯੋਗ ਹੋਣਗੀਆਂ ਤੇ ਉਨਾਂ ਦੀ ਭਰਪਾਈ ਵੀ ਸਰਕਾਰ ਕਰੇਗੀ ਅਤੇ ਪੁਰਾਣੀ ਪੰਚਾਇਤ ਦੇ ਕਿਸੇ ਆਗੂ ਨੇ ਅਗਰ ਕੋਈ ਘਪਲਾ ਕੀਤਾ ਹੈ ਤਾਂ ਉਸ ਤੋਂ ਵਸੂਲਿਆ ਜਾਵੇਗਾ। ਜਿਸ ਦਾ ਵੀ ਇਹ ਮਸਲਾ ਹੈ ਉਹ ਲਿਖਤੀ ਤੌਰ ਤੇ ਦੇਣ ਤੇ ਅਸੀਂ ਸਾਰੇ ਜਣੇ ਜਾ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮਾਮਲੇ ਦੀ ਜਾਂਚ ਕਰਾਉਣ ਲਈ ਕਹਾਂਗੇ।ਦੁਕਾਨਦਾਰਾਂ ਨੂੰ ਘਬਰਾਉਣ ਦੀ ਕੋਈ ਜਰੂਰਤ ਨਹੀਂ ਹੈ। ਉਨਾਂ ਖੁਦ ਜਾ ਕੇ ਦੁਕਾਨਾਂ ਦਾ ਮੌਕਾ ਦੇਖਿਆ ਤੇ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਇਸ ਮੌਕੇ ਪ੍ਰਗਟ ਸਿੰਘ ਸੰਧੂ, ਸੰਜੀਵ ਚਾਵਲਾ, ਓਮ ਪ੍ਰਕਾਸ਼ ਪੰਚ, ਹਰਜਿੰਦਰ ਸਿੰਘ ਚੌਹਾਨ, ਸੁਖਮੰਦਰ ਸਿੰਘ ਪੰਚ,ਅਮਨ ਬਜਾਜ, ਰਾਜੂ ਗੱਖੜ, ਅਨੂਪ ਗੱਖੜ , ਜਗਦੇਵ ਸਿੰਘ ਢਿੱਲੋਂ, ਦੀਪ ਸਿੰਘ ਮਰਾੜ੍ਹ, ਰੋਸ਼ਨ ਲਾਲ ਠੇਕੇਦਾਰ, ਸੋਨੀ ਗੁਲਾਟੀ, ਕੁਲਦੀਪ ਸਿੰਘ, ਡਾ. ਰਿੰਕੂ ਸੇਠੀ, ਕਿਸ਼ੋਰ ਨਾਰੰਗ, ਸਿ਼ਵਰਾਜ ਨਾਰੰਗ, ਗਿੰਨੀ, ਵੇਦ ਪ੍ਰਕਾਸ਼ ਗੱਖੜ, ਪਰਵਿੰਦਰ ਪੱਪਾ, ਡਾ. ਬੋਹੜ ਸਿੰਘ, ਜਗਨਾਮ ਸਿੰਘ, ਗੁਰਵਿੰਦਰ ਸਿੰਘ ਢਿੱਲੋਂ, ਬਾਬਾ ਜਸਪਾਲ ਸਿੰਘ ਮਾਨੀਸਿੰਘਵਾਲਾ ਵੀ ਹਾਜਰ ਸਨ।