ਭਾਜਪਾ ਦੀ ਮੋਗਾ ਰੈਲੀ ਸਬੰਧੀ ਕੀਤੀ ਵਿਚਾਰ ਚਰਚਾ
ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ 2027 ਚੋਣਾਂ ਦਾ ਬਿਗਲ ਬਜਾਏਗੀ ਮੈਂਗੀ
Publish Date: Sun, 08 Mar 2026 03:57 PM (IST)
Updated Date: Mon, 09 Mar 2026 04:00 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਅਮਿਤ ਸ਼ਾਹ ਜੋ ਕਿ 14 ਮਾਰਚ ਨੂੰ ਪੰਜਾਬ ਦੇ ਮੋਗਾ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ । ਇਹ ਦੌਰਾ 2027 ਦੀਆਂ ਚੋਣਾਂ ਦੇ ਮੱਦੇ ਨਜ਼ਰ ਭਾਜਪਾ ਦੀਆਂ ਤਿਆਰੀਆਂ ਅਤੇ ਪੰਜਾਬ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਏਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਸ਼ਹਿਰ ਤੋਂ ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਸ਼ਾਮ ਲਾਲ ਮੈਂਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਆਪਣੇ ਪੰਜਾਬ ਦੌਰੇ ਦੌਰਾਨ ਉਹ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਕਰਨਗੇ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਸਥਿਤੀ ਜਾਨਣਗੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅਤੇ ਇਸ ਦੀਆਂ ਨੀਤੀਆਂ ਤੋਂ ਲੋਕ ਦੁਖੀ ਹਨ ਅਤੇ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੱਲਦਾ ਕਰਨ ਲਈ ਭਾਜਪਾ ਪੰਜਾਬ ਵਿੱਚ ਅੱਡੀ ਚੋਟੀ ਦਾ ਜੋਰ ਲਗਾਏਗੀ ਤਾਂ ਕਿ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣ ਸਕੇ । ਉਹਨਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਆਪਣੀ ਸਥਿਤੀ ਮਜਬੂਤ ਕਰਨ ਤੇ ਜ਼ੋਰ ਲਗਾ ਰਹੀ ਹੈ ਤਾਂ ਕਿ ਆਉਂਦੀਆਂ ਚੋਣਾਂ ਵਿੱਚ ਭਾਜਪਾ ਪੰਜਾਬ ਵਿੱਚ ਆਪਣੇ ਪੈਰ ਪਸਾਰ ਸਕੇ । ਉਹਨਾਂ ਕਿਹਾ ਕਿ ਇਸ ਮੌਕੇ ਕੇਂਦਰੀ ਮੰਤਰੀ ਵੱਲੋਂ ਵੱਡੇ ਐਲਾਨ ਵੀ ਕੀਤੇ ਜਾ ਸਕਦੇ ਹਨ। ਮੈਂਗੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਚੜ ਕੇ ਰੈਲੀ ਵਿੱਚ ਪੁੱਜਣ ਅਤੇ ਕੇਂਦਰੀ ਮੰਤਰੀ ਦੇ ਵਿਚਾਰ ਸੁਣਨ । ਇਸ ਮੌਕੇ ਓਹਨਾ ਨਾਲ ਹੋਰਾ ਤੋਂ ਇਲਾਵਾ ਰਾਮ ਸੇਵਕ, ਅਸ਼ੋਕ ਸ਼ਰਮਾ, ਗੁਰਮੀਤ ਸਿੰਘ ਮੀਤਾ, ਨਾਨਕ ਚੰਦ, ਬਾਉ ਰਾਮ, ਸਨੀ ਕੁਮਾਰ, ਮੋਹਨ ਲਾਲ ਆਦਿ ਹਾਜ਼ਰ ਸਨ।