ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਸੀਐੱਚਓਜ਼ ਨਾਲ ਮੀਟਿੰਗ
ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟਰੇਸਨ ਲਈ ਸੀ ਐਚ ਓ ਨਾਲ ਮੀਟਿੰਗ ਕੀਤੀ
Publish Date: Fri, 20 Mar 2026 03:39 PM (IST)
Updated Date: Sat, 21 Mar 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਬਾਜਾਖਾਨਾ :ਸਿਵਲ ਸਰਜਨ, ਫਰੀਦਕੋਟ ਡਾ ਪਰਵਜੀਤ ਸਿੰਘ ਗੁਲਾਟੀ ਵੱਲੋਂ ਬਲਾਕ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਦੇ ਸਮੂਹ ਸੀ ਐਚ ਓ ਨਾਲ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਮੁਫਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਦੀ ਸਿਹਤ ਕੇਂਦਰਾਂ ਵਿਖੇ ਸ਼ੁਰੂ ਕੀਤੀ ਜਾਣ ਵਾਲੀ ਰਜਿਸਟਰੇਸ਼ਨ ਸਬੰਧੀ ਮੀਟਿੰਗ ਕੀਤੀ।ਉਨਾਂਂ ਦੱਸਿਆ ਗਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਸਰਕਾਰ ਦੀ ਇੱਕ ਪ੍ਰਮੁੱਖ ਸਿਹਤ ਸੰਭਾਲ ਯੋਜਨਾ ਹੈ ਜੋ ਪੰਜਾਬ ਦੇ ਸਾਰੇ ਪ੍ਰਮਾਣਿਤ ਨਾਗਰਿਕਾਂ ਨੂੰ ਨਕਦ ਰਹਿਤ ਦੂਜੇ ਅਤੇ ਤੀਜੇ ਦਰਜੇ ਦੀ ਡਾਕਟਰੀ ਦੇਖਭਾਲ ਪ੍ਰਦਾਨ ਕਰਦੀ ਹੈ। ਇਹ ਯੋਜਨਾ ਪੰਜਾਬ ਦੇ ਸਾਰੇ ਯੋਗ ਪਰਿਵਾਰਾਂ ਲਈ ਹੈ, ਜੋ ਬਿਨਾਂ ਕਿਸੇ ਵਿੱਤੀ ਪ੍ਰੇਸਾਨੀ ਦੇ ਮਿਆਰੀ ਸਿਹਤ ਸੰਭਾਲ ਪਹੁੰਚ ਯਕੀਨੀ ਬਣਾਉਂਦੀ ਹੈ। ਇਸ ਯੋਜਨਾ ਅਧੀਨ ਮਰੀਜ਼ ਆਪਣਾ ਇਲਾਜ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਸੂਚੀਬੱਧ ਕੀਤੇ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਸਕਦਾ ਹੈ। ਉਨਾਂ ਕਿਹਾ ਕਿ ਇਸ ਯੋਜਨਾ ਹੇਠ ਰਜਿਸਟਰ ਹੋਣ ਲਈ ਸਾਰੇ ਐਚ ਡਬਲਯੂ ਸੀ ਵਿੱਚ ਈ-ਕਾਰਡ ਮੁਫਤ ਬਣਾਏ ਜਾਣਗੇ । ਇਸ ਲਈ ਉਨਾਂ ਸੀ ਐਚ ਓ ਨੂੰ ਕਿਹਾ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਅਤੇ ਜੋ ਵੀ ਉਹਨਾਂ ਕੋਲ ਆਉਂਦਾ ਹੈ ਉਸ ਦੀ ਰਜਿਸਟਰੇਸ਼ਨ ਕਰਨ। ਉਨਾਂ ਕਿਹਾ ਕਿ ਇਸ ਕੰਮ ਨੂੰ ਤਰਜੀਹ ਦਿੱਤੀ ਜਾਵੇ। ਉਨਾਂ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਆਦੇਸ਼ ਹਨ ਕਿ ਇਸ ਕੰਮ ਵਿਚ ਕੋਈ ਵੀ ਦੇਰੀ ਨਾ ਹੋਵੇ। ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ ਹੁਸਨਪਾਲ, ਸੀਨੀਅਰ ਮੈਡੀਕਲ ਅਫਸਰ ਡਾ ਵਰਿੰਦਰ ਕੁਮਾਰ, ਡਾ ਕਿਰਨਦੀਪ ਕੌਰ, ਡਾ ਪਲਕ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਬੀ ਈ ਈ ਫਲੈਗ ਚਾਵਲਾ ਤੇ ਸਮੂਹ ਸੀ ਐਚ ਓ ਆਦਿ ਨੇ ਸ਼ਿਰਕਤ ਕੀਤੀ।