ਸਰਕਾਰੀ ਹਾਈ ਸਕੂਲ ਡੋਡ ਨੂੰ ਮਿਲੇ ਕੰਪਿਊਟਰ ਤੇ ਐੱਲਈਡੀ ਪੈਨਲਜ਼
ਮਨਪ੍ਰੀਤ ਕੌਰ ਨੇ ਸਰਕਾਰੀ ਹਾਈ ਸਕੂਲ ਡੋਡ ’ਚ ਨਵੇਂ ਕੰਪਿਊਟਰਾਂ ਤੇ ਐੱਲਈਡੀ ਪੈਨਲਜ਼ ਦਾ ਕੀਤਾ ਉਦਘਾਟਨ
Publish Date: Thu, 19 Mar 2026 04:59 PM (IST)
Updated Date: Fri, 20 Mar 2026 04:05 AM (IST)

ਮਨਪ੍ਰੀਤ ਕੌਰ ਵੱਲੋਂ ਉਦਘਾਟਨ, ਸਕੂਲ ਪ੍ਰਬੰਧਕਾਂ ਨੇ ਕੀਤਾ ਸਨਮਾਨਿਤ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਮੱਗਰਾ ਸਿੱਖਿਆ ਅਧੀਨ ਪੀ.ਐੱਮ. ਸ੍ਰੀ ਸਰਕਾਰੀ ਹਾਈ ਸਕੂਲ ਡੋਡ, ਜ਼ਿਲ੍ਹਾ ਫ਼ਰੀਦਕੋਟ ਵਿਚ ਨਵੇਂ ਆਏ 13 ਕੰਪਿਊਟਰਾਂ ਅਤੇ 2 ਐੱਲਈਡੀ ਪੈਨਲਜ਼ ਦਾ ਰਸਮੀ ਉਦਘਾਟਨ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਦੀ ਧਰਮਪਤਨੀ ਮਨਪ੍ਰੀਤ ਕੌਰ ਨੇ ਕੀਤਾ। ਇਸ ਮੌਕੇ ਪਿੰਡ ਡੋਡ ਦੇ ਸਰਪੰਚ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਗਿੱਲ, ਸਾਬਕਾ ਸਰਪੰਚ ਕੁਲਵੀਰ ਕੌਰ ਗਿੱਲ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਆਲ ਪੰਜਾਬ ਟਰੱਕ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਸਰਪ੍ਰਸਤ ਤੇ ਦਸ਼ਮੇਸ਼ ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਸਿੰਘ ਡੋਡ, ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਦੇ ਭੈਣ ਅਮਨਦੀਪ ਕੌਰ, ਸਕੂਲ ਭਲਾਈ ਟਰੱਸਟ ਦੇ ਪ੍ਰਧਾਨ ਜਸਮੇਲ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਮੰਦਰ ਸਿੰਘ, ਪੰਚ ਸਰਦਾਰਾ ਸਿੰਘ, ਪੰਚ ਗੁਰਦੇਵ ਸਿੰਘ, ਪੰਚ ਪਰਵਿੰਦਰ ਸਿੰਘ, ਪੰਚ ਵੀਰਪਾਲ ਕੌਰ ਪਤਨੀ ਚਮਕੌਰ ਸਿੰਘ ਅਤੇ ਬੱਚਿਆਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ‘ਆਪ’ ਮਹਿਲਾ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਅਜੋਕੇ ਆਧੁਨਿਕ ਦੌਰ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਸਮੇਂ ਦਾ ਹਾਣੀ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਕਰਨ ਲਈ ਜਿੱਥੇ ਅਤਿ ਆਧੁਨਿਕ ਬੁਨਿਆਂਦੀ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ ਉੱਥੇ ਹੀ ਸਕੂਲੀ ਸਿੱਖਿਆ ਵਿਚ ਨਿਰੰਤਰ ਸੁਧਾਰ ਲਿਆਉਣ ਦੀ ਦਿਸ਼ਾ ਵਿਚ ਲੋੜ ਮੁਤਾਬਿਕ ਨਵੀਂਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਮਨਪ੍ਰੀਤ ਕੌਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਪੜਾਅਵਾਰ ਢੰਗ ਨਾਲ ਸਕੂਲ ਆਫ਼ ਐਮੀਨੈਂਸ ਵਜੋਂ ਵਿਕਸਤ ਕਰਦੇ ਹੋਏ ਹਰ ਪੱਧਰ ਦੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ ਤਾਂ ਜੋ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਕੇ ਸਿੱਖਿਆ ਦੇ ਖੇਤਰ ਵਿਚ ਨਾਮ ਰੌਸ਼ਨ ਕਰਨ ਦੇ ਸਮਰੱਥ ਬਣ ਸਕਣ। ਇਸ ਮੌਕੇ ਸਕੂਲ ਦੇ ਹੈੱਡ ਮਾਸਟਰ ਤਰਸੇਮ ਲਾਲ ਮੋਂਗਾ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਸਿੱਖਿਆ ਦੇ ਖੇਤਰ ’ਚ ਆਈ ਸੱਚਮੁੱਚ ਦੀ ਕ੍ਰਾਂਤੀ ਨੂੰ ਵੱਡੀ ਪ੍ਰਾਪਤੀ ਦੱਸਿਆ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਗਿੱਲ ਡੋਡ ਨੇ ਪੰਜਾਬ ਸਰਕਾਰ ਦੁਆਰਾ ਸਕੂਲਾਂ ਦੇ ਸੁਧਾਰ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਅਧਿਆਪਕਾ ਬਲਜਿੰਦਰ ਕੌਰ, ਮੈਥ ਮਾਸਟਰ ਕੁਲਵਿੰਦਰ ਸਿੰਘ, ਅਧਿਆਪਕ ਗੁਰਿੰਦਰ ਪਾਲ ਸਿੰਘ, ਅਧਿਆਪਕ ਮੈਵਿਸ਼ ਢੀਂਗਰਾ, ਅਧਿਆਪਕ ਗੁਰਜੀਵਨ ਸਿੰਘ, ਅਧਿਆਪਕਾ ਸਰਬਜੀਤ ਕੌਰ, ਅਧਿਆਪਕਾ ਚਰਨਜੀਤ ਕੌਰ, ਅਧਿਆਪਕਾ ਕੰਵਲਪ੍ਰੀਤ ਕੌਰ, ਕਲਰਕ ਪਰਵਿੰਦਰ ਸਿੰਘ ਆਦਿ ਹਾਜ਼ਰ ਸਨ।