ਸਰਕਾਰੀ ਸਕੂਲ ’ਚ ਨਵੇਂ ਕੰਪਿਊਟਰਾਂ ਦਾ ਕੀਤਾ ਉਦਘਾਟਨ
ਮਨਪ੍ਰੀਤ ਕੌਰ ਨੇ ਸਕੂਲ ’ਚ ਨਵੇਂ ਕੰਪਿਊਟਰਾਂ ਦਾ ਕੀਤਾ ਉਦਘਾਟਨ
Publish Date: Mon, 09 Mar 2026 03:31 PM (IST)
Updated Date: Tue, 10 Mar 2026 04:00 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਮੱਗਰਾ ਸਿੱਖਿਆ ਅਧੀਨ ਸਰਕਾਰੀ ਮਿਡਲ ਸਕੂਲ ਹਿੰਮਤਪੁਰਾ ਬਸਤੀ ਜੈਤੋ ਵਿਚ 11 ਨਵੇਂ ਆਏ ਕੰਪਿਊਟਰਾਂ ਦਾ ਰਸਮੀ ਉਦਘਾਟਨ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਦੀ ਧਰਮਪਤਨੀ ਮਨਪ੍ਰੀਤ ਕੌਰ ਨੇ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ‘ਟੀਟੂ’, ਸਿੱਖਿਆ ਮਾਹਰ ਕੁਲਦੀਪ ਸਿੰਘ ਦਲ ਸਿੰਘ ਵਾਲਾ ਅਤੇ ਬੱਚਿਆਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ‘ਆਪ’ ਮਹਿਲਾ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿਚ ਸਿੱਖਿਆ ਤੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ ਵੱਡੇ ਪੱਧਰ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਰਾਜ ਦੇ ਸਕੂਲਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ‘ਆਪ’ ਮਹਿਲਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਜਿੱਥੇ ਸਕੂਲਾਂ ਦੇ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਅਧਿਆਪਕਾਂ ਨੂੰ ਵਿਦੇਸ਼ਾਂ ਵਿਚ ਸਿਖਲਾਈ ਲਈ ਵੀ ਭੇਜਿਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਆਧੁਨਿਕ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਮਨਪ੍ਰੀਤ ਕੌਰ ਨੇ ਕਿਹਾ ਕਿ ਇਹ ਇੱਕ ਯੋਜਨਾ ਨਹੀਂ ਬਲਕਿ ਰਾਜ ਦੇ ਬੱਚਿਆਂ ਦੇ ਉਜਵੱਲ ਭਵਿੱਖ ਦੀ ਦਿਸ਼ਾ ਵਿਚ ਠੋਸ ਕਦਮ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਇਸ ਤਰ੍ਹਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਕਿ ਉਹ ਕਿਸੇ ਵੀ ਨਿੱਜੀ ਸਕੂਲਾਂ ਤੋਂ ਪਿੱਛੇ ਨਾ ਰਹਿਣ। ਇਸ ਮੌਕੇ ਸਿੱਖਿਆ ਮਾਹਰ ਕੁਲਦੀਪ ਸਿੰਘ ਦਲ ਸਿੰਘ ਵਾਲਾ ਦੁਆਰਾ ਪੰਜਾਬ ਸਰਕਾਰ ਦੁਆਰਾ ਸਕੂਲਾਂ ਦੇ ਸੁਧਾਰ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਇੰਚਾਰਜ ਨੀਸ਼ਾ ਅਗਰਵਾਲ ਨੇ ਆਏ ਹੋੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਅਧਿਆਪਕਾ ਮਮਤਾ ਗਰਗ, ਅਧਿਆਪਕਾ ਅਮਰਦੀਪ ਕੌਰ, ਅਧਿਆਪਕਾ ਅੰਜੂ ਬਾਲਾ, ਅਧਿਆਪਕ ਕੌਸ਼ਲ ਰਾਜ ਆਦਿ ਹਾਜ਼ਰ ਸਨ।