- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨ ਸਰਕਾਰ ਨੇ ਚਾਰ ਸਾਲਾਂ ’ਚ ਵੱਡੇ ਇਤਿਹਾਸਕ ਫ਼ੈਸਲੇ ਲਏ : ਵਿਧਾਇਕ ਅਮੋਲਕ ਸਿੰਘ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜੈਤੋ ਤੋਂ ਬਾਜਾਖਾਨਾ ਮਾਰਗ ਦੇ ਨਿਰਮਾਣ ਲਈ ਸੜਕ ਉੱਪਰ ਪ੍ਰੀਮਿਕਸ ਪਾਉਣ ਦਾ ਕਾਰਜ ਬੀਤੇ ਕੱਲ੍ਹ ਸ਼ੁਰੂ ਹੋ ਗਿਆ। ਇਸ ਕਾਰਜ ਦਾ ਰਸਮੀ ਉਦਘਾਟਨ ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕੇਮਟੀ ਤੇ ਪੇਪਰ ਐਂਡ ਲਾਇਬ੍ਰੇਰੀ ਦੇ ਮੈਂਬਰ ਤੇ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਦੀ ਹਾਜ਼ਰੀ ਵਿਚ ਇੱਕ ਆਮ ਨਾਗਰਿਕ ਪ੍ਰੇਮ ਕੁਮਾਰ ‘ਪ੍ਰੇਮਾ’ ਕੋਟਕਪੂਰਾ ਤੋਂ ਰਿਬਨ ਕੱਟ ਕੇ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਜੈਤੋ ਸ਼ਹਿਰ ਨੂੰ ਬਰਨਾਲਾ ਨਾਲ ਜੋੜਨ ਵਾਲੇ ਇਸ ਮੁੱਖ ਮਾਰਗ ਦਾ ਪੁਨਰ ਨਿਰਮਾਣ ਅਤੇ ਸੁੰਦਰੀਕਰਨ ਸਮੇਂ ਦੀ ਜ਼ਰੂਰਤ ਸੀ। ਇਸ ਸੜਕ ਦੀ ਵਿਸ਼ੇਸ ਮੁਰੰਮਤ ਹੋਣ ਨਾਲ ਇੱਥੋਂ ਦੇ ਲੋਕਾਂ ਦੀ ਚਿਰਕੋਣੀ ਮੰਗ ਪੁਰੀ ਹੋਵੇਗੀ ਅਤੇ ਟਰੈਫ਼ਿਕ ਦੀ ਸਮੱਸਿਆ ਨੂੰ ਨਿਜਾਤ ਮਿਲੇਗੀ। ਉਨ੍ਹਾਂ ਦੱਸਿਆ ਕਿ 10 ਕਿਲੋਮੀਟਰ ਲੰਮੇ ਇਸ ਮਾਰਗ ਦੇ ਪੁਨਰ ਨਿਰਮਾਣ ’ਤੇ ਕਰੀਬ 7 ਕਰੋੜ ਰੁਪਏ ਲਾਗਤ ਆਵੇਗੀ ਅਤੇ ਇਹ ਦੋ-ਤਿੰਨ ਮਹੀਨਿਆਂ ’ਚ ਬਣ ਕੇ ਤਿਆਰ ਹੋ ਜਾਵੇਗਾ। ਇਸ ਮੌਕੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਲੋਕਾਂ ਨੂੰ ਆਵਾਜਾਈ ਦੀਆਂ ਬੇਹਤਰ ਸਹੂਲਤਾਂ ਦੇਣ ਦੇ ਮੰਤਵ ਨਾਲ ਨਵੀਆਂ ਸੜਕਾਂ ਦੀ ਉਸਾਰੀ ਅਤੇ ਨਵੀਨੀਕਰਨ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਗਠਨ ਤੋਂ ਲੈ ਕੇ ਹੁਣ ਤੱਕ ਸੂਬੇ ਵਿਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਗਏ ਹਨ, ਜੋ ਨਿਰੰਤਰ ਜਾਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ, ਸਿਹਤ, ਖੇਤੀਬਾੜੀ, ਬਿਜਲੀ, ਸਨਅਤੀਕਰਨ, ਪ੍ਰਸ਼ਾਸਨਿਕ ਸੁਧਾਰ ਸਮੇਤ ਹਰ ਖੇਤਰ ਵਿਚ ਵਿਕਾਸ ਕੰਮ ਕੀਤੇ ਹਨ। ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਲੋਕ ਹਿੱਤ ਵਿਚ ਕਈ ਵੱਡੇ ਇਤਿਹਾਸਕ ਫ਼ੈਸਲੇ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਅੰਦਰ ਲੋਕਾਂ ਨੂੰ 600 ਯੂਨਿਟ ਬਿਜਲੀ ਮਾਫ਼ ਕੀਤੀ ਗਈ ਹੈ ਅਤੇ 90 ਫ਼ੀਸਦੀ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਹਨ। 65,000 ਦੇ ਕਰੀਬ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਮੰਤਵ ਨਾਲ ‘ਸਕੂਲ ਆਫ਼ ਐਮੀਨੈਂਸ’ ਬਣਾਏ ਗਏ ਹਨ। ਕਰੀਬ 1000 ਤੋਂ ਜ਼ਿਆਦਾ ਆਮ ਆਦਮੀ ਕਲੀਨਿਕ ਸ਼ਪਲਤਾਪੂਰਵਕ ਚੱਲ ਰਹੇ ਹਨ ਅਤੇ ਹੋਰ ਕੋਈ ਲੋਕਪੱਖੀ ਇਤਿਹਾਸਕ ਫ਼ੈਸਲੇ ਲਏ ਗਏ ਹਨ। ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ, ‘ਆਪ’ ਵਿਧਾਨ ਸਭਾ ਹਲਕਾ ਜੈਤੋ ਦੇ ਸੰਗਠਨ ਇੰਚਾਰਜ ਗੋਬਿੰਦਰ ਸਿੰਘ ਵਾਲੀਆ ਰਣ ਸਿੰਘ ਵਾਲਾ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ, ਨਗਰ ਕੌਂਸਲ ਜੈਤੋ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਰਾਮੇਆਣਾ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਮੀਤ ਪ੍ਰਧਾਨ ਗੋਪਾਲ ਕ੍ਰਿਸ਼ਨ ‘ਸ਼ੈਲੀ ਗਰਗ’, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਉਪ ਪ੍ਰਧਾਨ ਨਰੇਸ਼ ਜਿੰਦਲ, ‘ਆਪ’ ਯੂਥ ਵਿੰਗ ਵਿਧਾਨ ਸਭਾ ਹਲਕਾ ਜੈਤੋ ਦੇ ਕੋਆਰਡੀਨੇਟਰ ਰੁਪਿੰਦਰ ਸਿੰਘ, ‘ਆਪ’ ਬੀ.ਸੀ ਵਿੰਗ ਵਿਧਾਨ ਸਭਾ ਹਲਕਾ ਜੈਤੋ ਦੇ ਕੋਆਰਡੀਨੇਟਰ ਸੁਖਰੀਤ ਸਿੰਘ ਰੋਮਾਣਾ, ‘ਆਪ’ ਬਲਾਕ ਪ੍ਰਧਾਨ ਅੰਕੁਸ਼ ਬਾਂਸਲ, ਸਰਪੰਚ ਜਸਪਾਲ ਸਿੰਘ ‘ਜੱਸੀ ਬਰਾੜ’ ਕੋਠੇ ਚੰਦ ਸਿੰਘ ਵਾਲੇ (ਜੈਤੋ), ਪੀ.ਏ ਕੁਲਦੀਪ ਸਿੰਘ ਦਲ ਸਿੰਘ ਵਾਲਾ, ‘ਆਪ’ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਖਾਲਸਾ ਕੋਠੇ ਮਹਿਲੜ੍ਹ (ਦਬੜ੍ਹੀਖਾਨਾ) ਆਦਿ ਮੌਜੂਦ ਸਨ।