ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖੇਡ ਮੁਕਾਬਲੇ ਭਲਕੇ
-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਏ.ਐਸ.ਐਮ.ਆਈ.ਟੀ.ਏ ਲੀਗ ਦੇ ਖੇਡ ਮੁਕਾਬਲੇ 8 ਮਾਰਚ ਨੂੰ- ਮੋਹਿਤ ਸੈਣੀ
Publish Date: Fri, 06 Mar 2026 03:33 PM (IST)
Updated Date: Sat, 07 Mar 2026 04:00 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ ਏ.ਐਸ.ਐਮ.ਆਈ.ਟੀ.ਏ (ਅਚੀਵਿੰਗ ਸਪੋਰਟਸ ਮਾਈਲਸਟੋਨ ਬਾਏ ਇੰਸਪਾਈਰਿੰਗ ਵੋਮੈਨ ਥਰੂਅ ਐਕਸ਼ਨ) ਲੀਗ ਤਹਿਤ ਮਹਿਲਾਵਾਂ ਲਈ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਹਿੰਮ ਖੇਲੋ ਇੰਡੀਆ ਪ੍ਰੋਗਰਾਮ ਦੇ ਤਹਿਤ ਚਲਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਖੇਡਾਂ ਰਾਹੀਂ ਮਹਿਲਾਵਾਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਇਹ ਜਾਣਕਾਰੀ ਸ੍ਰੀ ਮੋਹਿਤ ਸੈਣੀ, ਡਿਪਟੀ ਡਾਇਰੈਕਟਰ ਮੇਰਾ ਯੁਵਾ ਭਾਰਤ ਸੰਗਠਨ ਨੇ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਦੇਸ਼ ਦੇ ਲਗਭਗ 250 ਜ਼ਿਲ੍ਹਿਆਂ ਵਿੱਚ ਏ.ਐਸ.ਐਮ.ਆਈ.ਟੀ.ਏ ਲੀਗ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਖ਼ਾਸ ਤੌਰ ‘ਤੇ ਐਥਲੈਟਿਕਸ ਦੇ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜ ਮੁਕਾਬਲੇ ਸ਼ਾਮਲ ਹੋਣਗੇ। ਇਹ ਖੇਡ ਪ੍ਰੋਗਰਾਮ 8 ਮਾਰਚ ਨੂੰ ਨਹਿਰੂ ਸਟੇਡੀਅਮ, ਫਰੀਦਕੋਟ ਵਿੱਚ ਕਰਵਾਇਆ ਜਾਵੇਗਾ। ਬਲਜਿੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਜਾਣ ਵਾਲੇ ਮੁਕਾਬਲੇ ਸਿਰਫ਼ ਮਹਿਲਾਵਾਂ ਦੇ ਤਿੰਨ ਉਮਰ ਵਰਗਾਂ ਵਿੱਚ ਕਰਵਾਏ ਜਾਣਗੇ, ਜਿਨ੍ਹਾਂ ਵਿੱਚ 13 ਸਾਲ ਤੋਂ ਘੱਟ, 13 ਤੋਂ 18 ਸਾਲ ਅਤੇ 18 ਸਾਲ ਤੋਂ ਉੱਪਰ ਦੀਆਂ ਖਿਡਾਰਣਾਂ ਭਾਗ ਲੈ ਸਕਣਗੀਆਂ। ਉਨ੍ਹਾਂ ਇਸ ਮੌਕੇ ਖੇਡ ਪ੍ਰੇਮੀਆਂ ਅਤੇ ਮਹਿਲਾਵਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਮਹਿਲਾਵਾਂ ਵਿੱਚ ਖੇਡਾਂ ਪ੍ਰਤੀ ਰੁਝਾਨ ਵਧੇ ਅਤੇ ਉਹ ਆਪਣੇ ਹੁਨਰ ਨੂੰ ਅੱਗੇ ਲਿਆ ਸਕਣ। ਇਸ ਮੌਕੇ ਮਨਜੀਤ ਸਿੰਘ ਭੁੱਲਰ ਜ਼ਿਲ੍ਹਾ ਪ੍ਰੋਗਰਾਮ ਸੁਪਰਵਾਈਜ਼ਰ ਹਾਜ਼ਰ ਸਨ।