ਕਾਨੂੰਨ 'ਚ ਸੋਧਾਂ ਖ਼ਿਲਾਫ਼ ਵਕੀਲਾਂ ਦੀ ਹੜਤਾਲ ਜਾਰੀ
ਕਾਨੂੰਨ 'ਚ ਸੋਧਾਂ ਖਿਲਾਫ਼ ਵਕੀਲਾਂ ਵੱਲੋਂ ਤੀਜੇ ਦਿਨ ਵੀ ਕੰਮਕਾਜ ਠੱਪ
Publish Date: Sat, 07 Feb 2026 04:03 PM (IST)
Updated Date: Sun, 08 Feb 2026 04:00 AM (IST)

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਬਾਰ ਕੌਂਸਲ ਪੰਜਾਬ ਦੇ ਸੱਦੇ ਤੇ ਜਿਲ੍ਹਾ ਬਾਰ ਐਸੋਸੀਏਸ਼ਨ ਦੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਕੋਈ ਵੀ ਵਕੀਲ ਜਿਲ੍ਹੇ ਭਰ ਦੀ ਕਿਸੇ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੁਗਪਾਲ ਸਿੰਘ ਬਰਾੜ, ਸਕੱਤਰ ਸਿਮਰ ਵਿਜੇ ਪ੍ਰਤਾਪ ਸਿੰਘ ,ਵਿਪਨ ਤਾਇਲ, ਐਡਵੋਕੇਟ ਅਵਤਾਰ ਕ੍ਰਿਸ਼ਨ, ਨਿਰਮਲ ਸਿੰਘ ਔਲਖ, ਸੁਨੀਲ ਕੁਮਾਰ ਚਾਵਲਾ ਕਿਰਨਦੀਪ ਸ਼ਰਮਾ ਅਤੇ ਦਿਨੇਸ਼ ਗੋਇਲ ਨੇ ਕਿਹਾ ਕਿ ਸਾਜਿਸ਼ ਤਹਿਤ ਵਕਾਲਤ ਦੇ ਪੇਸ਼ੇ ਨੂੰ ਢਾਹ ਲਾਉਣ ਦੇ ਮਕਸਦ ਨਾਲ ਕਾਨੂੰਨ ਵਿੱਚ ਚੁੱਪ ਚੁਪੀਤੇ ਸੋਧਾਂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਅਦਾਲਤਾਂ ਵਿੱਚ ਡਿਫੈਂਸ ਕੌਂਸਲ, ਐਕਸ਼ਨ ਪਲਾਨ ਦੀ ਨਿਆਂ ਪ੍ਰਣਾਲੀ ਲਿਆਂਦੀ ਹੈ, ਜੋ ਅਜ਼ਾਦ ਨਿਆਂ ਪ੍ਰਕਿਰਿਆ ਲਈ ਵੱਡੀ ਚੁਣੌਤੀ ਹੈ। ਉਹਨਾਂ ਕਿਹਾ ਕਿ ਡਿਫੈਂਸ ਕੌਂਸਲ ਵਾਲੀ ਨੀਤੀ ਦਾ ਦੇਸ਼ ਭਰ ਦੀਆਂ ਬਾਰ ਐਸੋਸੀਏਸ਼ਨਾਂ ਵੱਲੋਂ ਲੰਬੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ ਪਰੰਤੂ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਜਿਸ ਕਰਕੇ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨ ਨੇ ਤਿੰਨ ਦਿਨਾਂ ਲਈ ਅਦਾਲਤਾਂ ਦਾ ਕੰਮ ਠੱਪ ਰੱਖਣ ਦਾ ਐਲਾਨ ਕੀਤਾ ਹੈ। ਇਸੇ ਦਰਮਿਆਨ ਵਕੀਲਾਂ ਦੇ ਇੱਕ ਵਫ਼ਦ ਨਾਲ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਲਿਜ਼ਾ ਗਿੱਲ ਅਤੇ ਜਸਟਿਸ ਗੁਰਿੰਦਰ ਸਿੰਘ ਨੇ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਵਕੀਲਾਂ ਵੱਲੋਂ ਉਠਾਏ ਗਏ ਮੁੱਦੇ ਪਹਿਲ ਦੇ ਆਧਾਰ ਤੇ ਵਿਚਾਰੇ ਜਾਣਗੇ ਅਤੇ ਜਲਦ ਹੀ ਇਸ ਦਾ ਹੱਲ ਕੱਢ ਲਿਆ ਜਾਵੇਗਾ। ਹਾਲਾਂਕਿ ਵਕੀਲਾਂ ਨੇ ਹਾਲ ਦੀ ਘੜੀ ਆਪਣੀ ਹੜਤਾਲ ਵਾਪਸ ਲੈਣ ਤੋਂ ਇੰਨਕਾਰ ਕਰ ਦਿੱਤਾ ਹੈ।