ਬੇਰੁਜ਼ਗਾਰ ਨੌਜਵਾਨਾਂ ’ਤੇ ਤਸ਼ੱਦਦ ਮੰਦਭਾਗਾ : ਭਗਤੂਆਣਾ
ਪਟਿਆਲਾ ਵਿਖੇ ਲਾਠੀਚਾਰਜ ਮਾਨ ਸਰਕਾਰ ਦਾ ਲੋਕਤੰਤਰ ਵਿਰੋਧੀ ਚਿਹਰਾ ਬੇਨਕਾਬ ਕਰਦਾ ਹੈ : ਭਗਤੂਆਣਾ
Publish Date: Sun, 07 Jun 2026 03:52 PM (IST)
Updated Date: Mon, 08 Jun 2026 04:02 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਪਾਵਰਕੌਮ ਦਫ਼ਤਰ ਪਟਿਆਲਾ ਅੱਗੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ਾਂਤੀਪੂਰਵਕ ਧਰਨਾ ਅਤੇ ਰੋਸ ਪ੍ਰਦਰਸ਼ਨ ਕਰ ਰਹੇ 2600 ਅਪਰੇਂਟਿਸ ਨੌਜਵਾਨਾਂ ਉੱਪਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ ਬੇਹੱਦ ਮੰਦਭਾਗਾ, ਲੋਕਤੰਤਰ ਵਿਰੋਧੀ ਅਤੇ ਨਿੰਦਣਯੋਗ ਕਦਮ ਹੈ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਕਮੇਟੀ ਮੈਂਬਰ ਨਾਇਬ ਸਿੰਘ ਭਗਤੂਆਣਾ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੀ ਮੰਗ ਕਰ ਰਹੇ ਨੌਜਵਾਨਾਂ ਦੀ ਆਵਾਜ਼ ਸੁਣਨ ਦੀ ਬਜਾਏ ਉਨ੍ਹਾਂ ਉੱਪਰ ਡਾਂਗਾਂ ਵਰਸਾਉਣਾ ਪੰਜਾਬ ਸਰਕਾਰ ਦੀ ਨੌਜਵਾਨ ਵਿਰੋਧੀ ਨੀਤੀ ਨੂੰ ਦਰਸਾਉਂਦਾ ਹੈ। ਜਦੋਂ ਇਹ ਨੌਜਵਾਨ ਆਪਣੇ ਭਵਿੱਖ ਅਤੇ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣੇ ਅਤੇ ਹੱਲ ਕਰੇ, ਨਾ ਕਿ ਉਨ੍ਹਾਂ ਉੱਤੇ ਜਬਰ ਦਾ ਸਹਾਰਾ ਲਿਆ ਜਾਵੇ। ਨਾਇਬ ਸਿੰਘ ਭਗਤੂਆਣਾ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਾਰ-ਵਾਰ ਇਹ ਭਰੋਸਾ ਦਿੱਤਾ ਜਾਂਦਾ ਸੀ ਕਿ ਬੇਰੁਜ਼ਗਾਰ ਨੌਜਵਾਨਾਂ ਉੱਪਰ ਡਾਂਗ ਨਹੀਂ, ਸਗੋਂ ‘ਹਰਾ ਪੈੱਨ’ ਚਲਾਇਆ ਜਾਵੇਗਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਪਰ ਅੱਜ ਹਕੀਕਤ ਇਸਦੇ ਉਲਟ ਨਜ਼ਰ ਆ ਰਹੀ ਹੈ। ਨੌਕਰੀਆਂ ਦੀ ਮੰਗ ਕਰ ਰਹੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਉਨ੍ਹਾਂ ਉੱਪਰ ਲਾਠੀਆਂ ਵਰਸਾਈਆਂ ਜਾ ਰਹੀਆਂ ਹਨ, ਜੋ ਸਰਕਾਰ ਦੇ ਚੋਣ ਵਾਅਦਿਆਂ ਅਤੇ ਮੌਜੂਦਾ ਕਾਰਗੁਜ਼ਾਰੀ ਵਿਚਲੇ ਵੱਡੇ ਫਰਕ ਨੂੰ ਦਰਸਾਉਂਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਨੌਜਵਾਨਾਂ ਉੱਪਰ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕੀ ਸਰਕਾਰ ਕੋਈ ਕਾਰਵਾਈ ਕਰੇਗੀ ਜਾਂ ਨਹੀਂ? ਜੇਕਰ ਸਰਕਾਰ ਨੌਜਵਾਨਾਂ ਨਾਲ ਇਨਸਾਫ਼ ਕਰਨ ਲਈ ਗੰਭੀਰ ਹੈ ਤਾਂ ਲਾਠੀਚਾਰਜ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ। ਨਾਇਬ ਸਿੰਘ ਭਗਤੂਆਣਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਬੇਰੁਜ਼ਗਾਰ ਅਪਰੇਂਟਿਸ ਨੌਜਵਾਨਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨੇ, ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇ ਅਤੇ ਲੋਕਤੰਤਰੀ ਹੱਕਾਂ ਦੀ ਰੱਖਿਆ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਬਜਾਏ ਉਨ੍ਹਾਂ ਨੂੰ ਇਨਸਾਫ਼ ਅਤੇ ਰੁਜ਼ਗਾਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਬੇਰੁਜ਼ਗਾਰ ਨੌਜਵਾਨਾਂ ਦੇ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਜਦੋਂ ਤੱਕ ਨੌਜਵਾਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਨ੍ਹਾਂ ਦੀ ਹਮਾਇਤ ਜਾਰੀ ਰਹੇਗੀ।