ਖੇਤੀ ਵਿਰਾਸਤ ਮਿਸ਼ਨ ਵੱਲੋਂ ਕਿਸਾਨ ਗੋਸ਼ਟੀਆਂ ਕਰਨ ਦਾ ਫੈਸਲਾ
ਖੇਤੀ ਵਿਰਾਸਤ ਮਿਸ਼ਨ ਵੱਲੋਂ ਮਹੀਨਾਵਾਰ ਕਿਸਾਨ ਗੋਸ਼ਟੀਆਂ ਕਰਨ ਦਾ ਫੈਸਲਾ
Publish Date: Fri, 02 Jan 2026 04:09 PM (IST)
Updated Date: Sat, 03 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਪੰਜਾਬ ਵਿਚ ਕੁਦਰਤੀ ਖੇਤੀ ’ਤੇ ਕੰਮ ਕਰ ਕਰੀ ਸੰਸਥਾ ਖੇਤੀ ਵਿਰਾਸਤ ਮਿਸ਼ਨ ਦੇ ਮੁੱਖ ਦਫ਼ਤਰ ਕਿਸਾਨ ਭਵਨ ਵਿਖੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਇੱਕ ਬੈਠਕ ਪਿਛਲੇ ਦਿਨੀਂ ਕਾਰਜਕਾਰੀ ਨਿਰਦੇਸ਼ਕ ਓਮੇਂਦਰ ਦੱਤ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਓਮੇਂਦਰ ਦੱਤ ਨੇ ਦੱਸਿਆ ਕਿ ਮਿਸ਼ਨ ਵੱਲੋਂ ਹਰ ਮਹੀਨੇ ਦੇ ਦੂਜੇ ਸ਼ਨਿੱਚਰਵਾਰ ਮੁੱਖ ਦਫ਼ਤਰ ਵਿਖੇ ਮਹੀਨਾਵਾਰ ਕਿਸਾਨ ਗੋਸ਼ਟੀ ਕੀਤੀ ਜਾਵੇਗੀ। ਇਸ ਗੋਸ਼ਟੀ ਵਿਚ ਕੁਦਰਤੀ ਖੇਤੀ ਗਿਆਨ, ਵਿਗਿਆਨ ਦੀ ਸਮਝ, ਕੁਦਰਤੀ ਖੇਤੀ ਕਿਸਾਨਾਂ ਦੀਆਂ ਖੇਤੀ ਸਬੰਧੀ ਦਿੱਕਤਾਂ ਅਤੇ ਕੁਦਰਤੀ ਖੇਤੀ ਉਤਪਾਦਾਂ ਦੀ ਮਾਰਕੀਟਿੰਗ ਸਬੰਧੀ ਚਰਚਾ ਕੀਤੀ ਜਾਇਆ ਕਰੇਗੀ ਅਤੇ ਉਸ ਮਹੀਨੇ ਦੇ ਕੁਦਰਤੀ ਖੇਤੀ ਰੁਝੇਵਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਇਆ ਕਰੇਗੀ। ਇਸ ਪ੍ਰੋਗਰਾਮ ਲਈ ਬਲਦੇਵ ਸਿੰਘ ਸਰਾਵਾਂ ਨੂੰ ਕਨਵੀਨਰ ਅਤੇ ਚਰਨਜੀਤ ਸਿੰਘ ਪੁੰਨੀ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਮੌਕੇ ਉੱਦਮੀ ਕਿਸਾਨ ਬਲਦੇਵ ਸਿੰਘ ਨੇ ਕੁਦਰਤੀ ਖੇਤੀ ਤਹਿਤ ਸਾਉਣੀ ਦੀ ਮੁੱਖ ਫਸਲ ਝੋਨੇ ਦੇ ਮੰਡੀਕਰਣ ਸਬੰਧੀ ਦਿੱਕਤਾਂ ਅਤੇ ਮਿਲੇਟ ਤੋਂ ਬਾਅਦ ਫਸਲਾਂ ਦੀ ਚੋਣ ਦਾ ਮੁੱਦਾ ਸਾਂਝਾ ਕੀਤਾ। ਚਰਨਜੀਤ ਸਿੰਘ ਪੁੰਨੀ ਤੇ ਕੁਦਰਤੀ ਖੇਤੀ ਟ੍ਰੇਨਰ ਗੋਰਾ ਸਿੰਘ ਚੈਨਾ ਨੇ ਇਸ ਸਬੰਧੀ ਆਪਣੇ ਸੁਝਾਅ ਦਿੱਤੇ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਜੁਆਇੰਟ ਕਾਰਜਕਾਰੀ ਨਿਰਦੇਸ਼ਕ ਅਭਿਸ਼ੇਕ ਜ਼ੋਸ਼ੀ, ਤ੍ਰਿੰਝਣ ਦੀ ਨਿਰਦੇਸ਼ਕ ਰੂਪਸੀ ਗਰਗ, ਹਰਮੇਲ ਪਰੀਤ, ਰਮੇਸ਼ ਮਾਂਡੀਆ, ਗੁਰਵਿੰਦਰ ਸ਼ਰਮਾ, ਸੁਖਵਿੰਦਰ ਸਿੰਘ ਹੈਪੀ, ਜ਼ਸਵੀਰ ਸਿੰਘ ਸਰਾਵਾਂ, ਲਖਵਿੰਦਰ ਸਿੰਘ ਜੈਤੋ, ਭੁਪਿੰਦਰ ਸਿੰਘ ਸੇਵੇਵਾਲਾ ਆਦਿ ਹਾਜ਼ਰ ਸਨ।