ਖ਼ਾਲਸਾ ਵਹੀਰ ਦਾ ਬਾਜਾਖਾਨਾ ਪੁੱਜਣ ’ਤੇ ਕੀਤਾ ਸਵਾਗਤ
ਖ਼ਾਲਸਾ ਵਹੀਰ ਦਾ ਬਾਜਾਖਾਨਾ ਪਹੁੰਚਣ ’ਤੇ ਹੋਇਆ ਨਿੱਘਾ ਸਵਾਗਤ
Publish Date: Sat, 28 Feb 2026 03:59 PM (IST)
Updated Date: Sun, 01 Mar 2026 03:59 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮਿਤੀ 25 ਫਰਵਰੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕੀਤੀ ਗਈ ਖ਼ਾਲਸਾ ਵਹੀਰ ਨਾਮ ਦੀ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਯਾਤਰਾ ਦਾ 26 ਫਰਵਰੀ ਨੂੰ ਬਾਜਾਖਾਨਾ ਦੇ ਮੁੱਖ ਚੌਕ ਵਿੱਚ ਪਹੁੰਚਣ ’ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਖਾਲਸਾ ਵਹੀਰ ਲੋਕਾਂ ਨੂੰ ਜਾਗਰੂਕ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਇਹ ਨੈਸ਼ਨਲ ਹਾਈਵੇ ਤੇ ਹੁੰਦਿਆਂ ਹੋਇਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਵਿਖੇ ਸਮਾਪਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਹੀਰ ਦੇ ਰਸਤੇ ਵਿੱਚ ਕਈ ਪੜਾਅ ਹੋਏ ਅਤੇ ਬੀਤੇ ਦਿਨ ਮੁੱਦਕੀ ਰਾਤ ਦੇ ਪੜਾਅ ਤੋਂ ਬਾਅਦ ਬਾਜਾਖਾਨਾ, ਕੋਟ ਸ਼ਮੀਰ ਹੁੰਦੇ ਹੋਏ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤਾਂ ਵੱਲੋਂ ਨਤਮਸਤਕ ਹੋਇਆ ਜਾਵੇਗਾ। ਤਰਸੇਮ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਵਹੀਰ ਦਾ ਮਕਸਦ ਸਿਰਫ਼ ਤੇ ਸਿਰਫ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ, ਗੁਰੂ ਦੇ ਲੜ ਲਾਉਣਾ ਅਤੇ ਸੰਗਤਾਂ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਉਹਨਾਂ ਦੇ ਸਵਾਗਤ ਵਿੱਚ ਨੇੜਲੇ ਪਿੰਡਾਂ ਬਾਜਾਖਾਨਾ, ਮੱਲਾ, ਲੰਭਵਾਲੀ, ਵਾੜਾ ਭਾਈਕਾ, ਦਬੜ੍ਹੀਖਾਨਾ, ਰੋਮਾਣਾ ਅਜੀਤ ਸਿੰਘ, ਡੋਡ, ਝੱਖੜਵਾਲਾ ਆਦਿ ਪਿੰਡਾਂ ਦੀ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਆਪਣੀ ਹਾਜ਼ਰੀ ਲਵਾਈ ਅਤੇ ਨਗਰ ਕੀਰਤਨ ਦੇ ਰੂਪ ਵਿੱਚ ਪਹੁੰਚੇ ਗੁਰੂ ਤੇ ਗੁਰੂ ਦੀਆਂ ਸੰਗਤਾਂ ਦਾ ਸਵਾਗਤ ਕੀਤਾ। ਇਸ ਮੌਕੇ ਆਗੂਆਂ ਵਿੱਚ ਤਰਸੇਮ ਸਿੰਘ ਖਾਲਸਾ, ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ, ਲੱਖਾ ਸਿੰਘ ਸਿਧਾਣਾ ਤੋਂ ਇਲਾਵਾ ਗੁਰਮੀਤ ਸਿੰਘ ਖਾਲਸਾ ਦਬੜ੍ਹੀਖਾਨਾ, ਕਬੱਡੀ ਕੋਚ ਕੁਲਵੰਤ ਸਿੰਘ ਬਾਜਾਖਾਨਾ, ਡਾਕਟਰ ਬਲਵੀਰ ਸਿੰਘ ਵਾੜਾ ਭਾਈਕਾ, ਕੁਲਦੀਪ ਸਿੰਘ ਗ੍ਰੰਥੀ ਸਿੰਘ ਵਾੜਾ ਭਾਈਕਾ, ਜਗਦੀਸ਼ ਸਿੰਘ ਸਿਰੀਏਵਾਲਾ, ਨਛੱਤਰ ਸਿੰਘ ਖਾਲਸਾ ਵਾੜਾ ਭਾਈਕਾ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ।