ਫਰੀਦਕੋਟ ਪੁੱਜਣ ’ਤੇ ਖ਼ਾਲਸਾ ਵਹੀਰ ਦਾ ਕੀਤਾ ਸਵਾਗਤ
ਅਕਾਲੀ ਦਲ ਵਾਰਸ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਖਾਲਸਾ ਵਹੀਰ ਫਰੀਦਕੋਟ ਪਹੁੰਚਣ ਤੇ ਭਰਵਾਂ ਸਵਾਗਤ
Publish Date: Fri, 27 Feb 2026 03:37 PM (IST)
Updated Date: Sat, 28 Feb 2026 03:58 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਸ਼ੁਰੂ ਕੀਤੀ ਗਈ ਬੰਦੀ ਛੋੜ ਖਾਲਸਾ ਵਹੀਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਰਨ ਤਾਰਨ ਸਾਹਿਬ, ਹਰੀਕਾ ਪੱਤਣ, ਮਖੂ , ਜੀਰਾ, ਰਾਤ ਦਾ ਪੜਾਅ ਮੁਦਕੀ ਪੂਰਾ ਕਰਕੇ ਸਵੇਰੇ ਸ਼ੁਰੂ ਹੋਈ ਵਹੀਰ ਦੇ ਰਸਤੇ ਵਿੱਚ ਸੰਗਤਾਂ ਨੇ ਸਵਾਗਤ ਕੀਤਾ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਟਹਿਣਾ ਵਿਖੇ ਪੜਾਅ ਰੱਖਿਆ ਗਿਆ।ਭਾਈ ਦਲੇਰ ਸਿੰਘ ਡੋਡ ਜ਼ਿਲਾ ਪ੍ਰਧਾਨ ਨੇ ਆਈਆਂ ਹੋਈਆਂ ਸੰਗਤਾਂ, ਪਿੰਡ ਟਹਿਣਾ ਦੀ ਸੰਗਤ, ਗੁਰਦੁਆਰਾ ਕਮੇਟੀ, ਪੰਚਾਇਤਾਂ ਅਤੇ ਇਲਾਕੇ ਦੀ ਸੰਗਤ ਦਾ ਧੰਨਵਾਦ ਕੀਤਾ। ਢਾਡੀ ਸਿੰਘਾਂ ਨੇ ਵਾਰਾਂ ਗਾਈਆਂ, ਵੱਖ ਵੱਖ ਪ੍ਰਚਾਰਕਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ।ਬੁਲਾਰਿਆਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤ ਛਕ ਕੇ ਸਿੰਘ ਸਜੋ, ਗੁਰੂ ਦੇ ਲੜ ਲੱਗੋ ਤੇ ਨਸ਼ੇ ਤਿਆਗ ਕਰਕੇ ਚੰਗੇ ਇਨਸਾਨ ਬਣੋ।ਖਾਲਸਾ ਵਹੀਰ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੇ ਸ਼ੁਰੂ ਕੀਤੀ ਸੀ। ਆਗੂਆਂ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਬੇਨਤੀ ਕੀਤੀ ਜਾਵੇਗੀ। ਇਸ ਮੌਕੇ ਬਾਪੂ ਤਰਸੇਮ ਸਿੰਘ, ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਜੋਹਲ, ਅਮਰਜੀਤ ਸਿੰਘ ਵੰਗ ਚੜੀ, ਚਮਕੌਰ ਸਿੰਘ ਧੁੰਨ, ਲੱਖਾ ਸਿੰਘ ਸਿਧਾਣਾ, ਬਾਬੂ ਸਿੰਘ ਬਰਾੜ, ਕਾਬਲ ਸਿੰਘ, ਭੈਣ ਸੰਦੀਪ ਕੌਰ ਖਾਲਸਾ,ਜਸਵਿੰਦਰ ਸਿੰਘ ਸਾਦਿਕ ਸਮੇਤ ਹਜਾਰਾਂ ਸੰਗਤਾਂ ਹਾਜ਼ਰ ਸਨ।