90 ਗੱਟੂ ਚਾਈਨਾ ਡੋਰ ਸਮੇਤ ਵਿਅਕਤੀ ਕਾਬੂ
ਚਾਈਨਾ ਡੋਰ ਦੀ ਵਿਕਰੀ ਕਰਨ ਵਾਲਾ ਸਖਸ਼ ਜੈਤੋ ਪੁਲਿਸ ਅੜਿੱਕੇ, ਦੋਸ਼ੀ ਪਾਸੋਂ ਚਾਈਨਾ ਡੋਰ ਦੇ 90 ਗੱਟੂ ਕੀਤੇ ਬਰਾਮਦ
Publish Date: Fri, 02 Jan 2026 03:23 PM (IST)
Updated Date: Sat, 03 Jan 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਡਾ. ਪ੍ਰਗਿਆ ਜੈਨ ਐਸ.ਐਸ.ਪੀ ਫ਼ਰੀਦਕੋਟ ਦੀ ਅਗਵਾਈ ਵਿੱਚ ਫ਼ਰੀਦਕੋਟ ਪੁਲਿਸ ਵੱਲੋਂ ਲਗਾਤਾਰ ਚਾਇਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਇੱਕ ਹੋਰ ਸਫ਼ਲਤਾ ਹਾਸਿਲ ਕਰਦੇ ਹੋਏ ਜੋਗੇਸ਼ਵਰ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਦੀ ਰਹਿਨੁਮਾਈ ਅਤੇ ਇਕਬਾਲ ਸਿੰਘ ਸੰਧੂ ਡੀ.ਐਸ.ਪੀ (ਸਬ-ਡਵੀਜ਼ਨ) ਜੈਤੋ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਵਾਈ ਕਰਦੇ ਹੋਏ ਥਾਣਾ ਜੈਤੋ ਵੱਲੋਂ ਇੱਕ ਦੋਸ਼ੀ ਨੂੰ 90 ਗੱਟੂ ਚਾਈਨਾ ਡੋਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਦੀ ਪਹਿਚਾਣ ਮੰਗਤ ਲਾਲ ਉਰਫ਼ ਕਾਲਾ ਕਵਾੜੀਆਂ ਪੁੱਤਰ ਅਮੀ ਚੰਦ ਵਜੋਂ ਹੋਈ ਹੈ, ਜੋ ਕਿ ਸ੍ਰੀ ਮੁਕਤਸਰ ਸਾਹਿਬ ਰੋਡ, ਜੈਤੋ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ਪਾਸੋਂ ਚਾਇਨਾ ਡੋਰ ਦੇ 90 ਗੱਟੂ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਿਕ ਮਿਤੀ 31 ਦਸੰਬਰ ਨੂੰ ਇੰਸਪੈਕਟਰ ਨਵਪ੍ਰੀਤ ਸਿੰਘ ਸੰਧੂ ਮੁੱਖ ਅਫ਼ਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਗੁਰਮੁੱਖ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਦੋਸ਼ੀ ਮੰਗਤ ਲਾਲ ਉਰਫ਼ ਕਾਲਾ ਕਵਾੜੀਆ ਜੋ ਆਪਣੇ ਮਕਾਨ ਵਿੱਚ ਚਾਈਨਾ ਡੋਰ (ਪਲਾਸਟਿਕ ਡੋਰ) ਵੇਚਣ ਦਾ ਕੰਮ ਕਰ ਰਿਹਾ ਹੈ। ਜਿਸ ਨਾਲ ਮਨੁੱਖੀ ਅਤੇ ਪਸ਼ੂ/ਪੰਛੀਆਂ ਦੀ ਜਾਨਾ ਨੂੰ ਖ਼ਤਰੇ ਵਿੱਚ ਪਾਉਂਦਾ ਹੈ। ਜਿਸ ਉਪਰੰਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਮੰਗਤ ਲਾਲ ਉਰਫ਼ ਕਾਲਾ ਕਵਾੜੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਪਾਸੋਂ ਚਾਈਨਾ ਡੋਰ ਦੇ 90 ਗੱਟੂ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਜੈਤੋ ਵਿਖੇ ਬੀ.ਐਨ.ਐਸ ਦੀ ਧਾਰਾ 223, 125 ਤਹਿਤ ਮੁਕੱਦਮਾ ਨੰਬਰ-217 ਮਿਤੀ 31.12.2025 ਦਰਜ ਰਜਿਸਟਰ ਕੀਤਾ ਗਿਆ ਹੈ। ਫ਼ਰੀਦਕੋਟ ਪੁਲਿਸ ਵਲੋਂ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਕਿ ਅਸੀਂ ਦਿਨ ਰਾਤ ਇੱਕ ਕਰਕੇ ਸਮਾਜ ਨੂੰ ਸੁਰੱਖਿਅਤ ਬਣਾਉਣ ਲਈ ਯਤਨਸ਼ੀਲ ਹਾਂ। ਫ਼ਰੀਦਕੋਟ ਪੁਲਿਸ ਵੱਲੋਂ ਪਬਲਿਕ ਨੂੰ ਅਪੀਲ ਹੈ ਕਿ ਜੇਕਰ ਤੁਹਾਡੇ ਕੋਲ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਸਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਤੁਸੀਂ ਉਸਦੀ ਜਾਣਕਾਰੀ ਆਪਣੇ ਨਜ਼ਦੀਕ ਦੇ ਪੁਲਿਸ ਸਟੇਸ਼ਨ ਤੇ ਦੇ ਸਕਦੇ ਹੋ।