- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਤੋ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਮਾਂ-ਪੁੱਤ ਕੀਤੇ ਕਾਬੂ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਐਸ.ਐਸ.ਪੀ ਫ਼ਰੀਦਕੋਟ ਡਾ. ਪ੍ਰਗਿਆ ਜੈਨ ਦੇ ਹੁਕਮਾਂ ਅਧੀਨ ਫ਼ਰੀਦਕੋਟ ਜ਼ਿਲ੍ਹੇ ਅੰਦਰ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਲਗਾਤਾਰ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਵਿਚ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਜੋਗੇਸ਼ਵਰ ਸਿੰਘ ਗੋਰਾਇਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਬ-ਡਵੀਜ਼ਨ ਜੈਤੋ ਦੇ ਡੀ.ਐਸ.ਪੀ. ਇਕਬਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਇੱਕ ਹੋਰ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਥਾਣਾ ਜੈਤੋ ਨੇ ਮਾਂ-ਪੁੱਤ ਵੱਲੋਂ ਮਿਲ ਕੇ ਨਸ਼ਾ ਤਸਕਰੀ ਦੇ ਚਲਾਏ ਜਾ ਰਹੇ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 60 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਦੀ ਪਹਿਚਾਣ ਲਖਵੀਰ ਸਿੰਘ ਉਰਫ਼ ਲੱਕੀ ਅਤੇ ਉਸਦੀ ਮਾਤਾ ਜਸਵੀਰ ਕੌਰ ਵਜੋਂ ਹੋਈ ਹੈ, ਜੋ ਕਿ ਜੈਤੋ ਟਿੱਬੀ ਸਾਹਿਬ ਰੋਡ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਪਾਸੋਂ ਨਸ਼ੀਲੀਆਂ ਗੋਲੀਆਂ ਸਮੇਤ ਮੌਕੇ ਪਰ ਮੌਜੂਦ ਸਵਿਫਟ ਕਾਰ ਅਤੇ 2 ਮੋਬਾਇਲ ਫੋਨ ਵੀ ਕਬਜੇ ਵਿਚ ਲਏ ਗਏ ਹਨ। ਥਾਣਾ ਜੈਤੋ ਦੇ ਐਸ.ਐਚ.ਓ. ਇੰਸਪੈਕਟਰ ਨਵਪ੍ਰੀਤ ਸਿੰਘ ਸੰਧੂ ਦੀ ਨਿਗਰਾਨੀ ਹੇਠ ਮਿਤੀ 17 ਅਪ੍ਰੈਲ ਨੂੰ ਸਹਾਇਕ ਥਾਣੇਦਾਰ ਹਰਪਾਲ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿਚ ਦਬੜ੍ਹੀਖਾਨਾ ਲਿੰਕ ਰੋਡ, ਪੁਲ ਡਰੇਨ ਜੈਤੋ ਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਦਬੜ੍ਹੀਖਾਨਾ ਸਾਈਡ ਤੋਂ ਇੱਕ ਸਵਿਫਟ ਗੱਡੀ ਆਉਂਦੀ ਦਿਖਾਈ ਦਿੱਤੀ, ਜਿਸ ਵਿਚ ਲਖਵੀਰ ਸਿੰਘ ਉਰਫ਼ ਲੱਕੀ ਅਤੇ ਜਸਵੀਰ ਕੌਰ ਸਵਾਰ ਸਨ। ਜਿਹਨਾਂ ਨੂੰ ਸ਼ੱਕ ਦੀ ਬਿਨਾਅ ਉੱਪਰ ਰੋਕ ਕੇ ਤਲਾਸ਼ੀ ਕਰਨ ਤੇ ਕਾਰ ਵਿਚੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ ਥਾਣਾ ਜੈਤੋ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 22/61/85 ਤਹਿਤ ਮੁਕੱਦਮਾ ਨੰਬਰ-87 ਮਿਤੀ 17 ਅਪ੍ਰੈਲ 2026 ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਉਕਤ ਦੋਸ਼ੀਆਂ ਪਾਸੋਂ ਬਰਾਮਦ ਕੀਤੀਆਂ ਨਸ਼ੀਲੀਆਂ ਗੋਲੀਆਂ ਇਹਨਾਂ ਵੱਲੋਂ ਅੱਗੇ ਸਪਲਾਈ ਕੀਤੀਆਂ ਜਾਣੀਆਂ ਸਨ। ਜੈਤੋ ਪੁਲਿਸ ਵੱਲੋਂ ਗ੍ਰਿਫ਼ਤਾਰ ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਇਹਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਇਹ ਕਿਸ ਤੋਂ ਨਸ਼ੇ ਦੀ ਖੇਪ ਨੂੰ ਲੈ ਕੇ ਆਉਂਦੇ ਸੀ ਅਤੇ ਕਿੱਥੇ-ਕਿੱਥੇ ਇਹਨਾਂ ਵੱਲੋਂ ਸਪਲਾਈ ਕੀਤਾ ਜਾਣਾ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦ ਦੋਸ਼ੀਆਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਦੋਸ਼ੀ ਲਖਵੀਰ ਸਿੰਘ ਉਰਫ਼ ਲੱਕੀ ਦੇ ਖ਼ਿਲਾਫ਼ ਪਹਿਲਾਂ ਵੀ ਹੈਰੋਇਨ ਦੀ ਤਸਕਰੀ ਸਬੰਧੀ ਥਾਣਾ ਜੈਤੇ ਵਿਖੇ ਮੁਕੱਦਮਾ ਨੰਬਰ-14 ਮਿਤੀ 4 ਫਰਵਰੀ 2018 ਅਧੀਨ ਧਾਰਾ 21/61/85 ਐਨ.ਡੀ.ਪੀ.ਐਸ ਦਰਜ ਹੈ।