ਕੁਦਰਤੀ ਖੇਤੀ ਨਾਲ ਜੁੜੇ ਮਸਲੇ ਵਿਚਾਰੇ
ਕਿਸਾਨ ਗੋਸ਼ਟੀ ਵਿਚ ਕੁਦਰਤੀ ਖੇਤੀ ਕਿਸਾਨਾਂ ਦੇ ਮੁੱਦੇ ਵਿਚਾਰੇ
Publish Date: Mon, 19 Jan 2026 03:41 PM (IST)
Updated Date: Tue, 20 Jan 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਖੇਤੀ ਵਿਰਾਸਤ ਮਿਸ਼ਨ ਵੱਲੋਂ ਮਹੀਨਾਵਾਰ ਕਿਸਾਨ ਗੋਸ਼ਟੀ ਸੰਸਥਾ ਦੇ ਮੁੱਖ ਦਫ਼ਤਰ ਕਿਸਾਨ ਭਵਨ ਵਿਖੇ ਕਰਵਾਈ ਗਈ। ਇਸ ਮੌਕੇ ਇਲਾਕੇ ਦੇ ਕਿਸਾਨਾਂ ਨੇ ਕੁਦਰਤੀ ਖੇਤੀ ਨਾਲ ਜੁੜੇ ਮਸਲੇ ਰੱਖੇ ਅਤੇ ਉਨ੍ਹਾਂ ਦਾ ਆਪਸੀ ਸਲਾਹ ਨਾਲ ਹੱਲ ਲੱਭਣ ਦਾ ਯਤਨ ਕੀਤਾ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਕਿਸਾਨਾਂ ਨੂੰ ਰਸਾਇਣਕ ਖਾਦਾਂ ਅਤੇ ਹਾਈਬ੍ਰਿਡ ਬੀਜ ਖਰੀਦਣ ‘ਤੇ ਸਬਸਿਡੀ ਦਿੰਦੀ ਹੈ ਓਸੇ ਤਰ੍ਹਾਂ ਦੇਸੀ ਬੀਜ ਅਤੇ ਜ਼ਹਿਰ ਮੁਕਤ ਖੇਤੀ ਕਰਨ ਵਾਲਿਆਂ ਨੂੰ ਵੀ ਓਸੇ ਅਨੁਪਾਤ ਵਿਚ ਆਰਥਿਕ ਮਦਦ ਕੀਤੀ ਜਾਵੇ ਕਿਉਂ ਕਿ ਇਹ ਕਿਸਾਨ ਪਾਣੀ, ਵਾਤਾਵਰਣ ਤੇ ਸਿਹਤ ਬਚਾਉਣ ਵਿਚ ਯੋਗਦਾਨ ਪਾਉਂਦੇ ਹਨ। ਕਿਸਾਨਾਂ ਨੇ ਕੁਦਰਤੀ ਖੇਤੀ ਤਹਿਤ ਉਗਾਈਆਂ ਜ਼ਹਿਰ ਮੁਕਤ ਫ਼ਸਲਾਂ ਦੇ ਉੱਚਿਤ ਮੰਡੀਕਰਣ ਦੀ ਵਿਵਸਥਾ ਖੜ੍ਹੀ ਕਰਨ ਦੀ ਵੀ ਮੰਗ ਉੱਠੀ ਤਾਂ ਕਿ ਪੰਜਾਬ ਵਿਚ ਕੁਦਰਤੀ ਖੇਤੀ ਹੋਰ ਫੈਲ ਸਕੇ। ਇਸ ਮੌਕੇ ਸਾਉਣੀ ਦੀ ਫਸਲ ਬਾਰੇ ਅਗਾਉਂ ਚਰਚਾ ਕੀਤੀ ਗਈ ਅਤੇ ਝੋਨੇ ਦੇ ਬਦਲ ਵਜੋਂ ਇੱਕ ਸੁਚੱਜੀ ਵਿਉਂਤਬੰਦੀ ਨਾਲ ਦਾਲਾਂ, ਸਬਜ਼ੀਆਂ, ਕਪਾਹ, ਮਿਲੇਟ ਆਦਿ ਦੀ ਬਿਜਾਈ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕਿਸਾਨਾਂ ਲਈ ਮੂੰਗੀ, ਨਰਮਾ ਅਤੇ ਬਾਸਮਤੀ ਦੇ ਬੀਜਾਂ ਦਾ ਪ੍ਰਬੰਧ ਕਰਨ ਦਾ ਮੁੱਦਾ ਵੀ ਵਿਚਾਰਿਆ ਗਿਆ। ਕਿਸਾਨਾਂ ਵੱਲੋਂ ਕੁਦਰਤੀ ਖੇਤੀ ਵਿਚ ਨਦੀਨਾਂ ਦੀ ਮਸੱਸਿਆ ਨਾਲ ਨਜਿੱਠਣ ਬਾਰੇ ਵੀ ਗੱਲ ਵੀ ਧਿਆਨ ਵਿਚ ਲਿਆਂਦੀ ਗਈ ਅਤੇ ਇਸ ਬਾਰੇ ਅਗਲੀ ਬੈਠਕ ਵਿਚ ਵਿਸਥਾਰ ਨਾਲ ਚਰਚਾ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਸੁਨੀਲ ਸ਼ਰਮਾ ਨੇ ਕਿਸਾਨਾਂ ਨੂੰ ਜੈਵਿਕ ਕਿਸਾਨ ਵਜੋਂ ਰਜਿਸਟ੍ਰੇਸ਼ਨ ਅਤੇ ਮਾਰਕੀਟਿੰਗ ਬਾਰੇ ਸੁਝਾਅ ਦਿੱਤੇ। ਇਸ ਮੌਕੇ ਸੰਸਥਾ ਦੇ ਕਾਜਕਾਰੀ ਨਿਰਦੇਸ਼ਕ ਓਮੇਂਦਰ ਦੱਤ ਨੇ ਬੋਲਦਿਆਂ ਦੱਸਿਆ ਕਿ ਖੇਤੀ ਵਿਰਾਸਤ ਮਿਸ਼ਨ ਵੱਲੋਂ ਪੰਜਾਬ ਵਿਚ ਬੀਜ ਬੈਂਕ ਸਥਾਪਿਤ ਕਰਨ ਦੀ ਪਹਿਲ ਕੀਤੀ ਗਈ ਸੀ ਅਤੇ ਕਈ ਸਫ਼ਲ ਬੀਜ ਬੈਂਕ ਬਣਾਏ ਸਨ, ਇਸੇ ਸਿਲਸਿਲੇ ਨੂੰ ਹੁਣ ਹੋਰ ਅੱਗੇ ਤੋਰਿਆ ਜਾਵੇਗਾ ਤਾਂ ਕਿ ਦੇਸੀ ਬੀਜ ਹਾਸਿਲ ਕਰਨ ਵਿਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਕਰਨ ਸਿੰਘ ਭੁੱਟੀਵਾਲਾ, ਗੋਰਾ ਸਿੰਘ ਚੈਨਾ, ਰਮੇਸ਼ ਮਾਂਡੀਆ, ਬਲਦੇਵ ਸਿੰਘ ਸਰਾਵਾਂ, ਅਮਰ ਸਿੰਘ ਸਰਾਵਾਂ, ਜ਼ਸਵੀਰ ਸਿੰਘ ਸਰਾਵਾਂ, ਬਲਵਿੰਦਰ ਸਿੰਘ ਮੱਲਣ, ਭੁਪਿੰਦਰ ਸਿੰਘ ਸੇਵੇਵਾਲਾ, ਸੁਖਪਾਲ ਸਿੰਘ ਘਣੀਆਂ, ਲਖਵਿੰਦਰ ਸਿੰਘ ਜੈਤੋ, ਮਹਾਂਵੀਰ ਝੱਖੜਵਾਲਾ, ਬਲਜਿੰਦਰ ਕਰੀਰਵਾਲੀ, ਮੱਖਣ ਸਿੰਘ ਜੱਸੜ ਸਰਾਵਾਂ, ਗਿਆਨ ਸਿੰਘ ਭੁੱਟੀਵਾਲਾ, ਕੁਲਵਿੰਦਰ ਸਿੰਘ ਝੱਖੜਵਾਲਾ ਆਦਿ ਹਾਜ਼ਰ ਸਨ।