ਯੂਨੀਵਰਸਿਟੀ ਕਾਲਜ ’ਚ ਮਹਿਲਾ ਦਿਵਸ ਮਨਾਇਆ
ਯੂਨੀਵਰਸਿਟੀ ਕਾਲਜ ਜੈਤੋ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸੈਮੀਨਾਰ
Publish Date: Mon, 09 Mar 2026 03:34 PM (IST)
Updated Date: Tue, 10 Mar 2026 04:00 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਯੂਨੀਵਰਸਿਟੀ ਕਾਲਜ ਜੈਤੋ ਦੇ ਲਾਇਬ੍ਰੇਰੀ ਹਾਲ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਲਾਈਫ ਕੋਚ ਪ੍ਰੀਤੀ ਸਿੰਘ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ ਅਤੇ ਕਾਲਜ ਦੀਆਂ ਮਹਿਲਾ ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ। ਆਪਣੇ ਪ੍ਰੇਰਣਾਦਾਇਕ ਸੰਬੋਧਨ ਦੌਰਾਨ ਪ੍ਰੀਤੀ ਸਿੰਘ ਨੇ ਮਹਿਲਾ ਸਸ਼ਕਤੀਕਰਨ, ਆਤਮ-ਵਿਸ਼ਵਾਸ ਅਤੇ ਵਿਅਕਤੀਗਤ ਵਿਕਾਸ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਪਣੀ ਅੰਦਰੂਨੀ ਸਮਰੱਥਾ ਨੂੰ ਪਛਾਣਨ ਅਤੇ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਦੀ ਅਗਵਾਈ ਵਿਚ ਕਰਵਾਏ ਗਏ ਇਸ ਸੈਮੀਨਾਰ ਵਿਚ ਵਿਸ਼ੇਸ਼ ਮਹਿਮਾਨਾਂ ਅਨੀਲ ਕੁਮਾਰ, ਤੇਜ ਪਾਲ ਪਰਵਾਨਾ ਅਤੇ ਦੇਵਾਂਸ਼ੂ ਨਾਲ ਡਾ. ਪਰਮਿੰਦਰ ਸਿੰਘ ਤੱਗੜ ਅਤੇ ਡਾ. ਸੁਭਾਸ਼ ਚੰਦਰ ਵੀ ਹਾਜ਼ਰ ਸਨ। ਇਸ ਮੌਕੇ ਡਾ. ਪਰਮਿੰਦਰ ਸਿੰਘ ਤੱਗੜ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਔਰਤਾਂ ਮਰਦਾਂ ਨਾਲੋਂ ਘੱਟ ਨਹੀਂ ਹਨ ਅਤੇ ਔਰਤਾਂ ਹਰ ਖੇਤਰ ’ਚ ਬੜੀ ਤੇਜ਼ੀ ਨਾਲ ਆਪਣੀ ਮਿਹਨਤ ਸਦਕਾ ਅੱਗੇ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਿਵਾਏ ਅਧਿਕਾਰਾਂ ਸਦਕਾ ਅੱਜ ਔਰਤ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਮੰਤਰੀ, ਐੱਮ.ਪੀ, ਵਿਧਾਇਕਾ, ਆਈਏਐੱਸ, ਆਈਪੀਐੱਸ, ਪੀਸੀਐੱਸ, ਜੱਜ, ਵਕੀਲ, ਡਾਕਟਰ, ਪੁਲਿਸ, ਅਧਿਆਪਕ, ਪੰਚ, ਸਰਪੰਚ, ਕੌਂਸਲਰ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨਾਂ ਦੇ ਅਹੁਦੇ ਪ੍ਰਾਪਤ ਕਰ ਕੇ ਅਤੇ ਹੋਰ ਵੀ ਵੱਡੇ-ਵੱਡੇ ਅਹੁਦਿਆਂ ਦੀਆਂ ਕੁਰਸੀਆਂ ’ਤੇ ਬਿਰਾਜਮਾਨ ਹਨ। ਉਨ੍ਹਾਂ ਕਿਹਾ ਕਿ ਔਰਤ ਤੋਂ ਬਿਨਾਂ ਮਨੁੱਖੀ ਸਮਾਜ ਵੀ ਬਿਲਕੁਲ ਅਧੂਰਾ ਹੈ। ਇਸ ਮੌਕੇ ਮੰਚ ਸੰਚਾਲਨ ਡਾ. ਦਿਵਯ ਜਯੋਤੀ ਚਾਵਲਾ ਵੱਲੋਂ ਕੀਤਾ ਗਿਆ, ਜਦਕਿ ਧੰਨਵਾਦ ਪ੍ਰੋ. ਗੁਰਜੀਤ ਕੌਰ ਨੇ ਕੀਤਾ। ਸਮਾਗਮ ਦੀ ਵਿਵਸਥਾ ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਭਵਨਦੀਪ ਉੱਪਲ ਅਤੇ ਉਨ੍ਹਾਂ ਦੀ ਐੱਨ.ਐੱਸ.ਐੱਸ. ਵਲੰਟੀਅਰਾਂ ਦੀ ਟੀਮ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਕੀਤੀ ਗਈ। ਸੈਮੀਨਾਰ ਦਾ ਸਮਾਪਨ ਪ੍ਰੇਰਣਾਦਾਇਕ ਅਤੇ ਸਕਾਰਾਤਮਕ ਮਾਹੌਲ ਵਿੱਚ ਹੋਇਆ, ਜਿਸ ਨਾਲ ਵਿਦਿਆਰਥਣਾਂ ਨੂੰ ਨਵੀਂ ਪ੍ਰੇਰਣਾ ਅਤੇ ਉਤਸ਼ਾਹ ਪ੍ਰਾਪਤ ਹੋਇਆ।