ਮਾਂ ਬੋਲੀ ਦੇ ਸਤਿਕਾਰ ਲਈ ਕੀਤਾ ਪ੍ਰੇਰਿਤ
ਰੱਤੀ ਰੋੜੀ ਸਕੂਲ ਵਿਖੇ ‘ਕੌਮਾਂਤਰੀ ਮਾਤ-ਭਾਸ਼ਾ ਦਿਵਸ’ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Sun, 22 Feb 2026 03:58 PM (IST)
Updated Date: Mon, 23 Feb 2026 04:01 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੱਤੀ ਰੋੜੀ ਡੱਗੋ ਰੋਮਾਣਾ (ਫਰੀਦਕੋਟ) ਵਿਖੇ ਪ੍ਰਿੰਸੀਪਲ ਮਨਿੰਦਰ ਕੌਰ ਦੀ ਯੋਗ ਰਹਿਨੁਮਾਈ ਹੇਠ ਕੌਮਾਂਤਰੀ ਮਾਤ-ਭਾਸ਼ਾ ਦਿਵਸ ਬੜੇ ਹੀ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਆਪਣੀ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣਾ ਪਿਆਰ ਅਤੇ ਸਤਿਕਾਰ ਪ੍ਰਗਟਾਇਆ। ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਮਨਿੰਦਰ ਕੌਰ ਨੇ ਕਿਹਾ ਕਿ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਦਾ ਸਤਿਕਾਰ ਕਰਨ ਅਤੇ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਦਾ ਪ੍ਰਣ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਾਂ-ਬੋਲੀ ਨਾਲ ਜੁੜ ਕੇ ਹੀ ਅਸੀਂ ਆਪਸੀ ਪਿਆਰ, ਸਦਭਾਵਨਾ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ। ਇਸ ਮੌਕੇ ਮਨਿੰਦਰ ਕੌਰ ਨੇ ਉਚੇਚੇ ਤੌਰ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਅਖਬਾਰਾਂ ਰਾਹੀਂ ਭੇਜੇ ਹੋਏ ਵਧਾਈ ਸੰਦੇਸ਼ ਨੂੰ ਵੀ ਸਾਰੇ ਬੱਚਿਆਂ ਦੇ ਨਾਲ ਸਾਂਝੇ ਤੌਰ ਤੇ ਪੜ੍ਹ ਕੇ ਸੁਣਾਇਆ। ਪੰਜਾਬੀ ਲੈਕਚਰਾਰ ਧਰਮਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ-ਬੋਲੀ ਦਾ ਸਤਿਕਾਰ ਕਰਨ ਦਾ ਅਰਥ ਕੇਵਲ ਭਾਸ਼ਾ ਬੋਲਣਾ ਹੀ ਨਹੀਂ, ਬਲਕਿ ਚੰਗੇ ਗੁਣਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਉੱਚੀ ਬੁੱਧੀ ਨੂੰ ਗ੍ਰਹਿਣ ਕਰਨਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਵਿੱਚ ਸਾਹਿਤ ਪੜ੍ਹਨ ਅਤੇ ਇਸ ਦੇ ਗੌਰਵਮਈ ਇਤਿਹਾਸ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਬੰਦਨਾ ਰਾਣੀ ਨੇ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ੇ ਦੀ ਤਿਆਰੀ ਸਬੰਧੀ ਮਹੱਤਵਪੂਰਨ ਨੁਕਤੇ ਦੱਸੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੁੰਦਰ ਲਿਖਾਈ, ਵਿਆਕਰਣ ਦੀ ਸਹੀ ਵਰਤੋਂ ਅਤੇ ਸਮਾਂ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤਾਂ ਜੋ ਉਹ ਪ੍ਰੀਖਿਆਵਾਂ ਵਿੱਚ ਵਧੀਆ ਅੰਕ ਪ੍ਰਾਪਤ ਕਰ ਸਕਣ। ਸਮਾਗਮ ਦੇ ਅੰਤ ਵਿੱਚ ਸਮੂਹ ਹਾਜ਼ਰੀਨ ਵੱਲੋਂ ਇੱਕ ਪਵਿੱਤਰ ਅਹਿਦ ਲਿਆ ਗਿਆ ਕਿ ਉਹ ਆਪਣੀ ਮਾਂ-ਬੋਲੀ ਪੰਜਾਬੀ ਨੂੰ ਤਹਿ ਦਿਲੋਂ ਸਤਿਕਾਰ ਦੇਣਗੇ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਪੂਰੇ ਮਾਣ ਨਾਲ ਅਪਣਾਉਣਗੇ। ਸਮੁੱਚੇ ਸਕੂਲ ਵਿੱਚ ਮਾਂ-ਬੋਲੀ ਦੇ ਨਾਮ ਦੀ ਲਹਿਰ ਦੇਖਣ ਨੂੰ ਮਿਲੀ।