ਹਲਕੀ ਬਾਰਿਸ਼ ਨੇ ਮੌਸਮ ਦਾ ਮਿਜਾਜ਼ ਬਦਲਿਆ
ਫਰੀਦਕੋਟ 'ਚ ਸਵੇਰ ਤੋਂ ਰੁਕ-ਰੁਕ ਕੇ ਹੋ ਰਹੀ ਬੂੰਦਾ-ਬਾਂਦੀ ਨੇ ਬਦਲਿਆ ਮੌਸਮ ਦਾ ਰੰਗ
Publish Date: Sun, 15 Mar 2026 04:26 PM (IST)
Updated Date: Mon, 16 Mar 2026 04:01 AM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ: ਫਰੀਦਕੋਟ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਸਵੇਰ ਤੋਂ ਹੀ ਹੋ ਰਹੀ ਲਗਾਤਾਰ ਬੂੰਦਾ-ਬਾਂਦੀ ਨੇ ਜਿੱਥੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਮੌਸਮ ਵਿੱਚ ਆਈ ਤਬਦੀਲੀ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਸਵੇਰੇ ਵੇਲੇ ਤੋਂ ਹੀ ਅਸਮਾਨ ਵਿੱਚ ਕਾਲੇ ਬੱਦਲ ਛਾਏ ਰਹੇ, ਜਿਸ ਤੋਂ ਬਾਅਦ ਸ਼ੁਰੂ ਹੋਇਆ ਬੂੰਦਾ-ਬਾਂਦੀ ਦਾ ਸਿਲਸਿਲਾ ਸਾਰਾ ਦਿਨ ਜਾਰੀ ਰਿਹਾ। ਸਾਰਾ ਦਿਨ ਹਲਕਾ ਹਲਕਾ ਮੀਂਹ ਪੈਣ ਕਾਰਨ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ-ਕਾਰਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਆਮ ਦਿਨਾਂ ਦੇ ਮੁਕਾਬਲੇ ਰੌਣਕ ਘੱਟ ਰਹੀ। ਆਵਾਜਾਈ ਪ੍ਰਭਾਵਿਤ: ਦੋ-ਪਹੀਆ ਵਾਹਨ ਚਾਲਕਾਂ ਨੂੰ ਬਾਰਿਸ਼ ਤੋਂ ਬਚਣ ਲਈ ਥਾਂ-ਥਾਂ ਰੁਕਣਾ ਪਿਆ ਅਤੇ ਸੜਕਾਂ 'ਤੇ ਫਿਸਲਣ ਹੋਣ ਕਾਰਨ ਵਾਹਨਾਂ ਦੀ ਰਫਤਾਰ ਵੀ ਧੀਮੀ ਰਹੀ। ਇਸ ਬੂੰਦਾ-ਬਾਂਦੀ ਨਾਲ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਠੰਡੀਆਂ ਹਵਾਵਾਂ ਚੱਲਣ ਨਾਲ ਤਾਪਮਾਨ ਵਿੱਚ 4 ਤੋਂ 5 ਡਿਗਰੀ ਤੱਕ ਦੀ ਗਿਰਾਵਟ ਆਈ ਹੈ, ਜਿਸ ਨਾਲ ਵਾਤਾਵਰਣ ਵਿੱਚ ਖੁਸ਼ਨੁਮਾ ਠੰਢਕ ਮਹਿਸੂਸ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਖੇਤੀ ਮਾਹਿਰਾਂ ਅਨੁਸਾਰ ਇਹ ਹਲਕੀ ਬੂੰਦਾ-ਬਾਂਦੀ ਫ਼ਸਲਾਂ ਲਈ ਮਿਲੀ-ਜੁਲੀ ਪ੍ਰਤੀਕਿਰਿਆ ਲੈ ਕੇ ਆਈ ਹੈ। ਜਿੱਥੇ ਕੁਝ ਫ਼ਸਲਾਂ ਲਈ ਇਹ ਫਾਇਦੇਮੰਦ ਹੈ, ਉੱਥੇ ਹੀ ਕਟਾਈ ਦੇ ਸੀਜ਼ਨ ਵਿੱਚ ਖੜ੍ਹੀ ਫ਼ਸਲ ਲਈ ਚਿੰਤਾ ਦਾ ਵਿਸ਼ਾ ਵੀ ਹੋ ਸਕਦੀ ਹੈ। ਜੇਕਰ ਕਣਕ ਦੀ ਫ਼ਸਲ ਪੱਕਣ ਦੇ ਨੇੜੇ ਹੈ, ਤਾਂ ਇਸ ਸਮੇਂ ਤੇਜ਼ ਹਵਾਵਾਂ ਨਾਲ ਹੋਣ ਵਾਲੀ ਬਾਰਿਸ਼ ਫ਼ਸਲ ਨੂੰ ਵਿਛਾ ਸਕਦੀ ਹੈ ਜਿਸ ਨਾਲ ਝਾੜ 'ਤੇ ਮਾੜਾ ਅਸਰ ਪੈਣ ਦਾ ਡਰ ਹੈ।" ਖੇਤੀਬਾੜੀ ਅਧਿਕਾਰੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਹਲਕਾ ਮੀਹ ਫਸਲਾਂ ਲਈ ਫਾਇਦੇਮੰਦ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਆਦਾ ਗਰਮੀ ਕਾਰਨ ਤਾਪਮਾਨ ਵੱਧ ਰਿਹਾ ਸੀ ਜਿਸ ਨਾਲ ਕਣਕ ਦੀਆਂ ਬੱਲੀਆਂ ਵਿੱਚੋਂ ਦਾਣੇ ਪਿਚਕ ਰਹੇ ਸੀ। ਪਰ ਹੁਣ ਮੌਸਮ ਵਿੱਚ ਠੰਢਕ ਕਾਰਨ ਕਣਕ ਦੀ ਫਸਲ ਨੂੰ ਲਾਭ ਮਿਲੇਗਾ।