10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਲੋਕਾਂ ਨੂੰ ਰਾਹਤ : ‘ਆਪ’ ਆਗੂ
10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਆਮ ਲੋਕਾਂ ਨੂੰ ਵੱਡੀ ਰਾਹਤ : ‘ਆਪ’ ਆਗੂ
Publish Date: Tue, 10 Feb 2026 05:49 PM (IST)
Updated Date: Wed, 11 Feb 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਰਾਜ ਦੇ ਲੱਖਾਂ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਯੋਜਨਾ ਦਾ ਮੁੱਖ ਮਕਸਦ ਗਰੀਬ, ਮੱਧਵਰਗੀ ਅਤੇ ਜ਼ਰੂਰਤਮੰਦ ਵਰਗ ਨੂੰ ਮਹਿੰਗੇ ਇਲਾਜ ਦੇ ਖ਼ਰਚਿਆਂ ਤੋਂ ਬਚਾਉਣਾ ਹੈ, ਤਾਂ ਜੋ ਕੋਈ ਵੀ ਨਾਗਰਿਕ ਸਿਰਫ਼ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪਿੰਡ ਗੋਬਿੰਦਗੜ੍ਹ (ਦਬੜ੍ਹੀਖਾਨਾ) ਦੇ ਸਰਪੰਚ ਹਰਦੀਪਕ ਸਿੰਘ ਢਿੱਲੋਂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚਰਨਜੀਵ ਸਿੰਘ ਦਬੜ੍ਹੀਖਾਨਾ ਨੇ ਕੀਤਾ। ਸਰਪੰਚ ਹਰਦੀਪਕ ਸਿੰਘ ਢਿੱਲੋਂ ਦਬੜ੍ਹੀਖਾਨਾ ਅਤੇ ਚਰਨਜੀਵ ਸਿੰਘ ਟੋਨੀ ਢਿੱਲੋਂ ਦਬੜ੍ਹੀਖਾਨਾ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਕਿਸੇ ਵੀ ਤਰ੍ਹਾਂ ਦੀ ਵੱਡੀ ਕਾਰਵਾਈ ਜਾਂ ਬਹੁਤੇ ਦਸਤਾਵੇਜ਼ਾਂ ਦੀ ਲੋੜ ਨਹੀਂ। ਲਾਭਪਾਤਰੀ ਸਿਰਫ਼ ਆਪਣੀ ਪਹਿਚਾਣ ਦੇ ਆਧਾਰ ’ਤੇ ਹਸਪਤਾਲ ਵਿਚ ਇਲਾਜ ਕਰਵਾ ਸਕਦੇ ਹਨ, ਜਿਸ ਨਾਲ ਸਮੇਂ ਦੀ ਬੱਚਤ ਦੇ ਨਾਲ-ਨਾਲ ਮਰੀਜ਼ ਤੇ ਉਸ ਦੇ ਪਰਿਵਾਰ ਨੂੰ ਮਾਨਸਿਕ ਤੌਰ ’ਤੇ ਰਾਹਤ ਮਿਲਦੀ ਹੈ। ਇਸ ਯੋਜਨਾ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ ਸਾਲਾਨਾ ਦਸ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਸਿਹਤ ਯੋਜਨਾ ਅਧੀਨ ਆਰਥੋਪੀਡਿਕਸ, ਜਨਰਲ ਮੈਡੀਸਨ, ਕਾਰਡੀਓਲੋਜੀ, ਨਿਊਰੋਲੋਜੀ, ਨੈਫਰੋਲੋਜੀ, ਯੂਰੋਲੋਜੀ, ਓਨਕੋਲੋਜੀ ਸਮੇਤ ਹੋਰ ਵਿਸ਼ੇਸ਼ ਇਲਾਜ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਦਿਲ ਨਾਲ ਸਬੰਧਤ ਅਤੇ ਕੈਂਸਰ ਦੇ ਇਲਾਜ, ਕਿਡਨੀ ਡਾਇਲੈਸਿਸ ਅਤੇ ਟਰਾਂਸਪਲਾਂਟ, ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ, ਜਣੇਪਾ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ, ਦੁਰਘਟਨਾ ਅਤੇ ਐਮਰਜੈਂਸੀ, ਗੋਡੇ ਅਤੇ ਚੂਲੇ ਦੀਆਂ ਸਰਜਰੀਆਂ, ਮੋਤੀਆ ਬਿੰਦ ਸਰਜਰੀ ਅਤੇ ਹੋਰ ਇਲਾਜ ਸੇਵਾਵਾਂ ਵੀ ਇਸ ਯੋਜਨਾ ਵਿਚ ਸ਼ਾਮਿਲ ਹਨ।