ਅਕੈਡਮੀ ਦੀ ਨਵੀਂ ਇਮਾਰਤ ਲਈ 5 ਲੱਖ ਰੁਪਏ ਭੇਟ ਕੀਤੇ
ਬਾਬਾ ਫ਼ਰੀਦ ਸੰਸਥਾਵਾਂ ਵੱਲੋਂ ਗੁਰੂ ਨਾਨਕ ਅਕੈਡਮੀ ਜਲਾਲੇਆਣਾ ਦੀ ਨਵੀਂ ਇਮਾਰਤ ਲਈ 5 ਲੱਖ ਰੁਪਏ ਦਾ ਸਹਿਯੋਗ
Publish Date: Sun, 01 Mar 2026 04:00 PM (IST)
Updated Date: Mon, 02 Mar 2026 03:59 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਬਾਬਾ ਫ਼ਰੀਦ ਸੰਸਥਾਵਾਂ ਵੱਲੋਂ ਸਮਾਜਿਕ ਅਤੇ ਸਿੱਖਿਆਤਮਕ ਜ਼ਿੰਮੇਵਾਰੀ ਨਿਭਾਉਂਦਿਆਂ ਭਾਈ ਦਾਨ ਸਿੰਘ ਧਾਰਮਿਕ, ਵਿੱਦਿਅਕ ਅਤੇ ਚੈਰੀਟੇਬਲ ਟਰਸੱਟ ਦੁਆਰਾ ਸੰਚਾਲਿਤ ਗੁਰੂ ਨਾਨਕ ਅਕੈਡਮੀ ਦੀ ਨਵੀਂ ਬਣ ਰਹੀ ਇਮਾਰਤ ਦੀ ਉਸਾਰੀ ਲਈ 5 ਲੱਖ ਰੁਪਏ ਦੀ ਨਗਦ ਰਾਸ਼ੀ ਦੇ ਕੇ ਸਹਿਯੋਗ ਪ੍ਰਦਾਨ ਕੀਤਾ ਗਿਆ। ਇਹ ਟਰਸੱਟ ਪਿਛਲੇ ਛੇ ਸਾਲਾਂ ਤੋਂ ਪਿੰਡ ਜਲਾਲੇਆਣਾ, ਜ਼ਿਲ੍ਹਾ ਫਰੀਦਕੋਟ ਵਿਖੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਮੁਫ਼ਤ ਅਤੇ ਗੁਣਵੱਤਾ ਭਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਗੁਰੂ ਨਾਨਕ ਅਕੈਡਮੀ ਸੀ.ਬੀ.ਐੱਸ.ਈ. ਪੈਟਰਨ ਅਧਾਰਿਤ ਅੰਗਰੇਜ਼ੀ ਮਾਧਿਅਮ ਸਕੂਲ ਹੈ, ਜੋ ਪਿੰਡ ਦੇ ਬੱਚਿਆਂ ਨੂੰ ਉੱਚ ਦਰਜੇ ਦੀ ਸਿੱਖਿਆ ਦੇਣ ਲਈ ਸਮਰਪਿਤ ਹੈ। ਇਸ ਮੌਕੇ ਬਾਬਾ ਫ਼ਰੀਦ ਸੰਸਥਾਵਾਂ ਵੱਲੋਂ ਗੁਰਜਾਪ ਸਿੰਘ ਸੇਖੋਂ, ਸਰਿੰਦਰ ਸਿੰਘ ਰੋਮਾਣਾ, ਕੁਲਜੀਤ ਸਿੰਘ ਮੌਗੀਆਂ ਅਤੇ ਨਰਿੰਦਰਪਾਲ ਸਿੰਘ ਬਰਾੜ ਨੇ ਟਰਸਟ ਦੇ ਪ੍ਰਬੰਧਕਾਂ ਨੂੰ 5 ਲੱਖ ਰੁਪਏ ਦੀ ਰਾਸ਼ੀ ਸੌਂਪਦੇ ਹੋਏ ਸਿੱਖਿਆ ਦੇ ਖੇਤਰ ਵਿੱਚ ਹੋ ਰਹੇ ਉੱਦਮਾਂ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਦੀ ਤਰੱਕੀ ਲਈ ਗੁਣਵੱਤਾ ਭਰੀ ਸਿੱਖਿਆ ਬਹੁਤ ਜ਼ਰੂਰੀ ਹੈ ਅਤੇ ਬਾਬਾ ਫ਼ਰੀਦ ਸੰਸਥਾਵਾਂ ਹਮੇਸ਼ਾਂ ਹੀ ਸਿੱਖਿਆ ਅਤੇ ਸਮਾਜ ਸੇਵਾ ਲਈ ਵਚਨਬੱਧ ਰਹਿਣਗੀਆਂ। ਟਰਸਟ ਪ੍ਰਬੰਧਕਾਂ ਵੱਲੋਂ ਇਸ ਉਪਰਾਲੇ ਲਈ ਬਾਬਾ ਫ਼ਰੀਦ ਸੰਸਥਾਵਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਸਹਿਯੋਗ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਅਤੇ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ।