ਵਿਭਾਗ ਨੇ ਸਕੂਲਾਂ ਨੇੜੇ ਸਟਰੀਟ ਫੂਡ ਵੈਂਡਰਾਂ ਦੀ ਕੀਤੀ ਜਾਂਚ
ਸਕੂਲਾਂ ਦੇ ਨੇੜੇ ਸਟਰੀਟ ਫੂਡ ਵੈਂਡਰਾਂ ਦੀ ਫੂਡ ਸੇਫ਼ਟੀ ਜਾਂਚ
Publish Date: Wed, 04 Feb 2026 06:06 PM (IST)
Updated Date: Thu, 05 Feb 2026 04:05 AM (IST)

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਫੂਡ ਸੇਫ਼ਟੀ ਅਫ਼ਸਰ ਹਰਵਿੰਦਰ ਸਿੰਘ ਵੱਲੋਂ ਫ਼ਰੀਦਕੋਟ ਸ਼ਹਿਰ ਵਿੱਚ ਸਕੂਲਾਂ/ ਸਿੱਖਿਆ ਸੰਸਥਾਵਾਂ ਦੇ ਨੇੜੇ ਲੱਗਣ ਵਾਲੇ ਸਟਰੀਟ ਫੂਡ ਵੈਂਡਰਾਂ ਦੀ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ, ਸਾਫ਼-ਸਫ਼ਾਈ ਦੀ ਸਥਿਤੀ, ਕੱਚੇ ਮਾਲ ਦੀ ਸਹੀ ਸਟੋਰੇਜ, ਪੀਣ ਵਾਲੇ ਪਾਣੀ ਦੀ ਵਰਤੋਂ ਅਤੇ ਫੂਡ ਹੈਂਡਲਰਾਂ ਦੀ ਨਿੱਜੀ ਸਫ਼ਾਈ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਕੁਝ ਵੈਂਡਰਾਂ ਵਿੱਚ ਸਫ਼ਾਈ ਸਬੰਧੀ ਖਾਮੀਆਂ ਪਾਈਆਂ ਗਈਆਂ, ਜਿਨ੍ਹਾਂ ਨੂੰ ਤੁਰੰਤ ਜ਼ਰੂਰੀ ਹਦਾਇਤਾਂ ਜਾਰੀ ਕਰਦੇ ਹੋਏ ਨਿਰਧਾਰਤ ਸਮੇਂ ਅੰਦਰ ਖਾਮੀਆਂ ਦੂਰ ਕਰਨ ਲਈ ਕਿਹਾ ਗਿਆ। ਫੂਡ ਸੇਫ਼ਟੀ ਅਫ਼ਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਦੇ ਆਸ-ਪਾਸ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਅਤੇ ਸੁਰੱਖਿਆ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਜਾਂਚ ਮੁਹਿੰਮਾਂ ਭਵਿੱਖ ਵਿੱਚ ਵੀ ਨਿਯਮਤ ਤੌਰ ’ਤੇ ਜਾਰੀ ਰਹਿਣਗੀਆਂ। ਉਨ੍ਹਾਂ ਵੱਲੋਂ ਵੈਂਡਰਾਂ ਨੂੰ ਸਾਫ਼-ਸੁਥਰੇ ਢੰਗ ਨਾਲ ਭੋਜਨ ਤਿਆਰ ਕਰਨ, ਸਾਫ਼ ਪਾਣੀ ਦੀ ਵਰਤੋਂ ਕਰਨ, ਦਸਤਾਨੇ ਅਤੇ ਟੋਪੀ ਪਹਿਨਣ ਅਤੇ ਖਾਣ-ਪੀਣ ਦੀਆਂ ਵਸਤੂਆਂ ਨੂੰ ਢੱਕ ਕੇ ਰੱਖਣ ਬਾਰੇ ਜਾਗਰੂਕ ਕੀਤਾ ਗਿਆ। ਨਾਲ ਹੀ ਆਮ ਲੋਕਾਂ ਅਤੇ ਵਪਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਫੂਡ ਸੇਫ਼ਟੀ ਨਿਯਮਾਂ ਦੀ ਪੂਰੀ ਪਾਲਣਾ ਕਰਕੇ ਸੁਰੱਖਿਅਤ ਅਤੇ ਸਿਹਤਮੰਦ ਭੋਜਨ ਉਪਲਬਧ ਕਰਵਾਉਣ ਵਿੱਚ ਸਹਿਯੋਗ ਦੇਣ।