ਸੀਤ ਲਹਿਰ ਦਾ ਕਹਿਰ ਜਾਰੀ, ਭਾਰੀ ਧੁੰਦ ਤੇ ਸਰਦੀ ਨੂੰ ਵੇਖਦੇ ਹੋਏ 13 ਤੱਕ ਛੁੱਟੀਆਂ ਵਧਾਈਆਂ
ਸ਼ੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ,ਭਾਰੀ ਧੁੰਦ ਤੇ ਸਰਦੀ ਨੂੰ ਵੇਖਦੇ ਹੋਏ 13 ਜਨਵਰੀ ਤੱਕ ਛੁੱਟੀਆਂ ਵਧਾਈਆਂ
Publish Date: Wed, 07 Jan 2026 05:24 PM (IST)
Updated Date: Thu, 08 Jan 2026 04:03 AM (IST)

07 ਐਫਡੀਕੇ : ਇਲਾਕੇ ਚ ਪੈ ਰਹੀਆਂ ਸੰਘਣੀ ਧੁੰਦ ਦੀਆਂ ਤਸਵੀਰ। ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ ਫ਼ਰੀਦਕੋਟ : ਜ਼ਿਲ੍ਹਾ ਫ਼ਰੀਦਕੋਟ ਤੇ ਆਲੇ-ਦੁਆਲੇ ਦੇ ਇਲਾਕਿਆਂ ਚ ਵੀ ਸੀਤ ਲਹਿਰ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਤੇ ਸਮੁੱਚੇ ਇਲਾਕੇ ਚ ਕੜਾਕੇ ਦੀ ਸਰਦੀ ਪੈ ਰਹੀ ਹੈ। ਪੰਜਾਬ ਭਰ ਚ ਭਾਰੀ ਧੁੰਦ ਤੇ ਠੰਢ ਨੂੰ ਵੇਖਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸੂਬੇ ਭਰ ਚ 13 ਜਨਵਰੀ ਤੱਕ ਛੁੱਟੀਆਂ ਵਧਾਈਆਂ ਗਈਆਂ ਸਨ, ਜਿਸ ਮਗਰੋਂ ਬੱਚਿਆਂ ਦੇ ਮਾਪਿਆਂ ਵੱਲੋਂ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਰਾਹਤ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਚ ਸੂਬੇ ਲਈ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਭਰ ਚ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਭਰ ਚ ਪੈ ਰਹੀ ਸਰਦੀ ਤੇ ਧੁੰਦ ਕਾਰਨ ਲਗਾਤਾਰ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਇਲਾਵਾ ਲੋਹੜੀ ਦੇ ਤਿਉਹਾਰ ਨੇੜੇ ਆ ਰਿਹਾ ਹੈ ਪਰ ਬਾਜ਼ਾਰਾਂ ’ਚ ਦੁਕਾਨਦਾਰ ਵਿਹਲੇ ਬੈਠੇ ਹਨ। ਦੁਕਾਨਦਾਰ ਅਜੈਪਾਲ ਸਿੰਘ, ਅਮਿਤ ਬਾਂਸਲ, ਨਰਿੰਦਰ ਸਿੰਘ, ਪ੍ਰੇਮ ਕੁਮਾਰ ਨੇ ਦੱਸਿਆ ਕਿ ਸਰਦੀ ਕਾਰਨ ਬਾਜ਼ਾਰਾਂ ’ਚ ਲੋਕ ਨਹੀਂ ਆ ਰਹੇ, ਜਿਸ ਕਾਰਨ ਕਾਰੋਬਾਰ ’ਚ ਬਹੁਤ ਮੰਦਾ ਹੈ। ਉਥੇ ਹੀ ਸਰਦੀ ਨੂੰ ਲੈ ਕੇ ਤਜਰਬੇਕਾਰ ਕਿਸਾਨਾਂ ਗੁਰਮੁੱਖ ਸਿੰਘ, ਨਿਰਮਲ ਸਿੰਘ ਨੇ ਦੱਸਿਆ ਕਿ ਤਾਪਮਾਨ ’ਚ ਗਿਰਾਵਟ ਕਣਕ ਦੀ ਫ਼ਸਲ ਲਈ ਲਾਭਦਾਇਕ ਹੈ, ਪਰ ਧੁੰਦ ਤੇ ਕੋਰੇ ਨਾਲ ਸਰ੍ਹੋਂ ਅਤੇ ਆਲੂਆਂ ਦੀ ਫਸਲ ਪ੍ਰਭਾਵਿਤ ਹੋ ਸਕਦੀ ਹੈ। ਅਜਿਹੇ ਸਰਦੀ ਦੇ ਮੌਸਮ ’ਚ ਬੇਘਰ ਲੋਕਾਂ ਨੂੰ ਆਸਰੇ ਦੀ ਲੋੜ ਹੁੰਦੀ ਹੈ। ਨਗਰ ਕੌਸ਼ਲ ਦੁਆਰਾ ਸਟੇਸ਼ਨ ਦੇ ਨੇੜੇ ਜ਼ਿਲ੍ਹਾ ਅਦਾਲਤਾਂ ਦੇ ਸਾਹਮਣੇ ਇਕ ਰਹਿਣ ਬਸੇਰਾ ਬਣਾਇਆ ਗਿਆ ਹੈ, ਜਿੱਥੇ ਬੇਘਰ ਲੋਕ ਆਸਰਾ ਲੈ ਸਕਦੇ ਹਨ। ਇਸ ਰੈਨ ਬਸੇਰੇ ਦੇ ਆਸਰੇ ਦੀ ਨਿਗਰਾਨੀ ਕਰਨ ਵਾਲੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੇਸਹਾਰਾ ਲੋਕਾਂ ਲਈ ਇੱਥੇ ਪੂਰੇ ਪ੍ਰਬੰਧ ਕੀਤੇ ਗਏ ਹਨ। ਠੰਢ ਨੂੰ ਵੇਖਦਿਆਂ ਲੋਕਾਂ ਲਈ ਕੰਬਲ ਉਪਲਬਧ ਹਨ ਅਤੇ ਗਰਮ ਪਾਣੀ ਲਈ ਇਕ ਗੀਜ਼ਰ ਲਗਾਇਆ ਗਿਆ ਹੈ। ਸੁਰੱਖਿਅਤ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣ ਲਈ ਇਕ ਆਰਓ ਸਿਸਟਮ ਵੀ ਲਗਾਇਆ ਗਿਆ ਹੈ। ਇਹ ਰੇਨ ਬਸੇਰਾ 24 ਘੰਟੇ ਖੁੱਲ੍ਹਾ ਰਹਿੰਦਾ ਹੈ ਤੇ ਕੋਈ ਵੀ ਲੋੜਵੰਦ ਕਿਸੇ ਵੀ ਸਮੇਂ ਆ ਕੇ ਇਸ ਦੀ ਵਰਤੋਂ ਕਰ ਸਕਦਾ ਹੈ।