- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰੀਦਕੋਟ ਜ਼ਿਲ੍ਹੇ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਦਾ ਆਗਾਜ਼, ਮੌਸਮ ਦੀ ਮਾਰ ਕਾਰਨ ਮੰਡੀਆਂ ਵਿੱਚ ਪਸਰੀ ਚੁੱਪ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ : ਜ਼ਿਲ੍ਹੇ ਦੇ ਸਮੂਹ ਖ਼ਰੀਦ ਕੇਂਦਰਾਂ ਵਿੱਚ 1 ਅਪ੍ਰੈਲ ਤੋਂ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਸਰਕਾਰੀ ਖ਼ਰੀਦ ਪ੍ਰਕਿਰਿਆ ਦਾ ਰਸਮੀ ਆਗਾਜ਼ ਹੋ ਚੁੱਕਾ ਹੈ, ਪਰ ਕੁਦਰਤ ਦੀ ਕਰੋਪੀ ਅਤੇ ਬਦਲਦੇ ਮੌਸਮ ਨੇ ਫ਼ਿਲਹਾਲ ਇਸ ਪ੍ਰਕਿਰਿਆ ਦੀ ਰਫ਼ਤਾਰ 'ਤੇ ਬਰੇਕਾਂ ਲਗਾ ਦਿੱਤੀਆਂ ਹਨ। ਹਾਲਾਂਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੰਡੀਆਂ ਵਿੱਚ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ, ਪਰ ਤਾਜ਼ਾ ਪਏ ਮੀਂਹ ਅਤੇ ਅਸਮਾਨ ਵਿੱਚ ਛਾਏ ਬੱਦਲਾਂ ਕਾਰਨ ਕਣਕ ਦੀ ਫ਼ਸਲ ਵਿੱਚ ਨਮੀ ਦੀ ਮਾਤਰਾ ਕਾਫ਼ੀ ਵਧ ਗਈ ਹੈ। ਇਸ ਸਿੱਲ ਕਾਰਨ ਕਿਸਾਨਾਂ ਨੇ ਅਜੇ ਤੱਕ ਖੇਤਾਂ ਵਿੱਚ ਕੰਬਾਈਨਾਂ ਨਹੀਂ ਉਤਾਰੀਆਂ ਅਤੇ ਨਾ ਹੀ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋਈ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਕੰਟਰੋਲਰ ਡਾ. ਗੁਰਜੀਤ ਸਿੰਘ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਜ਼ਿਲ੍ਹੇ ਦੇ 68 ਮੁੱਖ ਖ਼ਰੀਦ ਕੇਂਦਰਾਂ ਅਤੇ 27 ਕੱਚੇ ਸਬ-ਯਾਰਡਾਂ ਰਾਹੀਂ ਕੁੱਲ 5,22,000 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕਰਨ ਦਾ ਵੱਡਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਅਦਾਇਗੀ ਵਿੱਚ ਕੋਈ ਮੁਸ਼ਕਲ ਨਾ ਆਵੇ, ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਵਾਰ ਕਣਕ ਦਾ ਸਰਕਾਰੀ ਭਾਅ 2,585 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ, ਜੋ ਕਿਸਾਨਾਂ ਦੀ ਆਰਥਿਕਤਾ ਲਈ ਲਾਹੇਵੰਦ ਸਿੱਧ ਹੋਵੇਗਾ। ਉਹਨਾਂ ਕਿਹਾਕਿ ਬਾਰਦਾਨੇ ਦੀ ਲੋੜ ਮੁਤਾਬਿਕ ਬਾਰਦਾਨਾ ਉਪਲਬਧ ਅਤੇ ਆੜਤੀਆਂ ਜਾਂ ਕਿਸਾਨਾਂ ਨੂੰ ਬਾਰਦਾਨੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਤੇ ਅਚਾਨਕ ਬਾਰਦਾਨੇ ਦੀ ਕਿੱਲਤ ਮਹਿਸੂਸ ਹੁੰਦੀ ਹੈ, ਤਾਂ ਪੁਰਾਣੇ ਵਰਤੋਂ ਯੋਗ ਬਾਰਦਾਨੇ ਨੂੰ ਬਦਲਵੇਂ ਪ੍ਰਬੰਧ ਵਜੋਂ ਵਰਤਣ ਦੀ ਇਜਾਜ਼ਤ ਆੜ੍ਹਤੀਆਂ ਨੂੰ ਦਿੱਤੀ ਜਾਵੇਗੀ ਤਾਂ ਜੋ ਖ਼ਰੀਦ ਪ੍ਰਕਿਰਿਆ ਵਿੱਚ ਕੋਈ ਵਿਘਨ ਨਾ ਪਵੇ। ਮੰਡੀ ਬੋਰਡ ਦੇ ਸਕੱਤਰ ਵਰਿੰਦਰ ਸਿੰਘ ਨੇ ਦੱਸਿਆ ਕਿ ਮੰਡੀਆਂ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਸਾਫ਼ ਪਾਣੀ, ਬਿਜਲੀ, ਛਾਂ ਲਈ ਟੈਂਟਾਂ ਦੀ ਵਿਵਸਥਾ ਅਤੇ ਸਾਫ਼-ਸਫ਼ਾਈ ਦੇ ਕੰਮ ਪੂਰੇ ਕਰ ਲਏ ਗਏ ਹਨ। ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੀ ਕਈ ਕਦਮ ਚੁੱਕੇ ਗਏ ਹਨ। ਲੋਡਿੰਗ ਅਤੇ ਅਨਲੋਡਿੰਗ ਲਈ ਢੁਕਵੀਂ ਲੇਬਰ ਅਤੇ ਟਰਾਂਸਪੋਰਟ ਦੇ ਟੈਂਡਰ ਵੀ ਸਿਰੇ ਚੜ੍ਹ ਚੁੱਕੇ ਹਨ। ਦੂਜੇ ਪਾਸੇ, ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਮਹਿੰਦਰ ਕੁਮਾਰ, ਪੀਯੂਸ਼ ਬਾਂਸਲ, ਸੁਧੀਰ ਛਾਬੜਾ, ਅਤੇ ਹੋਰ ਮੋਹਤਬਰ ਸ਼ਾਮਲ ਹਨਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀ ਵਿੱਚ ਆਪਣੀ ਜਿਣਸ ਲੈ ਕੇ ਆਉਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਫ਼ਸਲ ਪੂਰੀ ਤਰ੍ਹਾਂ ਸੁੱਕੀ ਹੋਵੇ। ਉਨ੍ਹਾਂ ਕਿਹਾ ਕਿ ਨਮੀ ਵਾਲੀ ਫ਼ਸਲ ਨੂੰ ਮੰਡੀ ਵਿੱਚ ਰੱਖਣਾ ਅਤੇ ਵੇਚਣਾ ਦੋਵਾਂ ਧਿਰਾਂ ਲਈ ਮੁਸ਼ਕਲ ਪੈਦਾ ਕਰਦਾ ਹੈ, ਕਿਉਂਕਿ ਸਰਕਾਰੀ ਖ਼ਰੀਦ ਏਜੰਸੀਆਂ ਨਿਰਧਾਰਤ ਮਾਪਦੰਡਾਂ ਅਨੁਸਾਰ ਹੀ ਕਣਕ ਖ਼ਰੀਦਣਗੀਆਂ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਉਹ ਗਿੱਲੀ ਕਣਕ ਲਿਆਉਂਦੇ ਹਨ ਤਾਂ ਉਨ੍ਹਾਂ ਨੂੰ ਮੰਡੀਆਂ ਵਿੱਚ ਕਈ ਦਿਨ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਤੋਂ ਚੰਗਾ ਇਹ ਕਿ ਕਿਸਾਨ ਸੁੱਕੀ ਫਸਲ ਦੀ ਮੰਡੀ ਵਿੱਚ ਲੈ ਕੇ ਆਵਣ। ਸਮੁੱਚੇ ਤੌਰ 'ਤੇ, ਪ੍ਰਸ਼ਾਸਨਿਕ ਮਸ਼ੀਨਰੀ ਕਣਕ ਦੀ ਖ਼ਰੀਦ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਹੁਣ ਸਾਰੀ ਉਮੀਦ ਮੌਸਮ ਦੇ ਸਾਫ਼ ਹੋਣ 'ਤੇ ਟਿਕੀ ਹੋਈ ਹੈ ਤਾਂ ਜੋ ਪੰਜਾਬ ਦਾ ਅੰਨਦਾਤਾ ਆਪਣੀ ਸਾਲ ਭਰ ਦੀ ਮਿਹਨਤ ਨੂੰ ਸਹੀ ਮੁੱਲ 'ਤੇ ਵੇਚ ਸਕੇ।