- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਧਰਤੀ ਦਿਸਵ ਮੌਕੇ ਜੌਗਰਫ਼ੀ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਵਿਸ਼ਵ ਧਰਤੀ ਦਿਸਵ ਮੌਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜੱਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਚਾਰ ਚਰਚਾ ਕੀਤੀ ਗਈ ਕਿ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਲਈ ਧਰਤੀ ਤੋਂ ਮਿਲਦੇ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਕਰਕੇ ਵਾਤਾਵਰਣ ਪੁਲੀਤ ਕਰ ਰਿਹਾ ਹੈ ਅਤੇ ਧਰਤੀ ਸਬੰਧੀ ਸਮੁੱਚਾ ਗਿਆਨ ਦੇਣ ਵਾਲਾ ਵਿਸ਼ਾ ਜੌਗਰਫੀ (ਭੂਗੋਲ) ਪੰਜਾਬ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨਹੀਂ ਪੜ੍ਹਾਇਆ ਜਾਂਦਾ। ਜੱਥੇਬੰਦੀ ਦੇ ਸਕੱਤਰ ਸਮਸ਼ੇਰ ਸਿੰਘ ਸ਼ੈਰੀ ਨੇ ਦੱਸਿਆ ਕਿ ਪਹਿਲੇ ਵਿਸ਼ਵ ਧਰਤੀ ਦਿਵਸ ਦੀ ਸ਼ੁਰੂਆਤ 1970 ਵਿੱਚ ਅਮਰੀਕਾ ਵਿਖੇ ਹੋਈ। ਉਹਨਾਂ ਦੱਸਿਆ ਕਿ ਅਰਥ ਡੇ 2026 ਦਾ ਪ੍ਰਮੁੱਖ ਵਿਸ਼ਾ ''ਆਪਣੀ ਤਾਕਤ, ਆਪਣਾ ਗ੍ਰਹਿ'' ਹੈ, ਜੋ ਕਿ ਲੋਕ-ਚਲਿਤ ਬਦਲਾਵ 'ਤੇ ਜ਼ੋਰ ਦਿੰਦਾ ਹੈ, ਜੋ ਕਿ ਛੋਟੇ-ਛੋਟੇ ਕਾਰਜਾਂ ਰਾਹੀਂ ਵੱਡੇ-ਵੱਡੇ ਪ੍ਰਭਾਵ ਬਣ ਸਕਦੇ ਹਨ। ਜੌਗਰਫ਼ੀ ਲੈਕਚਰਾਰ ਮਨਦੀਪ ਸਿੰਘ ਨੇ ਕਿਹਾ ਕਿ ਗੁਰਬਾਣੀ ਦੇ ਸਲੋਕ- ''ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹੁਤ'' 'ਤੇ ਅਮਲ ਕਰਦੇ ਹੋਏ ਮਨੁੱਖ ਨੂੰ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ ਅਤੇ ਕੁਦਰਤੀ ਸਾਧਨਾਂ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ। ਜੌਗਰਫ਼ੀ ਲੈਕਚਰਾਰ ਗਗਨਦੀਪ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਫਰੀਦਕੋਟ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਧਰਤੀ ਹੇਠਲੇ ਪਾਣੀ ਦਾ ਸੰਬੰਧ ਦਰਿਆਵਾਂ ਅਤੇ ਨਹਿਰਾਂ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ। ਮੀਟਿੰਗ ਦੌਰਾਨ ਇਹ ਵੀ ਚਿੰਤਾ ਜਾਹਰ ਕੀਤੀ ਗਈ ਕਿ ਪੰਜਾਬ ਦਾ ਦਰਿਆਈ ਪਾਣੀ ਦੂਜੇ ਸੂਬਿਆਂ ਨੂੰ ਮੁਫ਼ਤ ਦਿੱਤਾ ਜਾ ਰਿਹਾ ਹੈ ਅਤੇ ਰਾਜਸਥਾਨ ਨਹਿਰ ਦੀ ਲਾਇਨਿੰਗ ਕਰਦੇ ਸਮੇਂ ਪੌਲੀਥੀਨ ਦੀ ਤਹਿ ਵਿਛਾ ਕੇ ਪਾਣੀ ਹੇਠਾਂ ਸਿੰਮਣ ਵੀ ਨਹੀਂ ਦਿੱਤਾ ਜਾ ਰਿਹਾ। ਜਿਸ ਕਰਕੇ ਭੂਮੀ-ਗਤ ਪਾਣੀ ਹੋਰ ਡੂੰਘਾ ਚਲਿਆ ਜਾਵੇਗਾ, ਜਿਸ ਕਰਕੇ ਖੇਤੀ ਲਈ ਪਾਣੀ ਦੀ ਘਾਟ ਅਤੇ ਪੀਣਯੋਗ ਪਾਣੀ ਦੀ ਵੱਡੀ ਸਮੱਸਿਆ ਖੜੀ ਹੋ ਜਾਵੇਗੀ। ਜੱਥੇਬੰਦੀ ਦੇ ਸੂਬਾਈ ਆਗੂਆਂ ਚਮਕੌਰ ਸਿੰਘ ਮੋਗਾ, ਨਰੇਸ਼ ਸਲੂਜਾ ਸ਼੍ਰੀ ਮੁਕਤਸਰ ਸਾਹਿਬ, ਦਿਲਬਾਗ ਸਿੰਘ ਲਾਪਰਾਂ ਲੁਧਿਆਣਾ, ਗੁਰਮੇਲ ਸਿੰਘ ਰਹਿਲ ਪਟਿਆਲਾ, ਗੁਰਸੇਵਕ ਸਿੰਘ ਤੇ ਅਬਦਰ ਰਸ਼ੀਦ ਹਾਂਡਾ ਰੋਪੜ, ਸ਼ੰਕਰ ਲਾਲ ਬਠਿੰਡਾ, ਖਰੈਤ ਚੰਦ ਤੇ ਤੇਜਵੀਰ ਸਿੰਘ ਫਾਜ਼ਿਲਕਾ, ਤਜਿੰਦਰ ਸਿੰਘ ਤਰਨਤਾਰਨ, ਭੁਪਿੰਦਰ ਸਿੰਘ ਮਾਨ ਸੰਗਰੂਰ, ਜਸਵਿੰਦਰ ਸੰਧੂ ਨਵਾਂ ਸ਼ਹਿਰ, ਮਨੋਜ ਵਰਮਾ ਗੁਰਦਾਸਪੁਰ, ਸੁਰਿੰਦਰ ਸੱਚਦੇਵਾ, ਹਰਜੋਤ ਸਿੰਘ ਮੋਗਾ ਅਤੇ ਪਰਮਜੀਤ ਸਿੰਘ ਸੰਧੂ ਮੁਹਾਲੀ ਨੇ ਲਾਇਵ ਮੀਟਿੰਗ ਦੌਰਾਨ ਕਿਹਾ ਕਿ ਧਰਤੀ ਸੰਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਵਾਲੇ ਵਿਸ਼ੇ ਦੀਆਂ, 2000 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੁੱਲ ਲੈਕਚਰਾਰਾਂ ਦੀਆਂ 13252 ਆਸਾਮੀਆਂ ਵਿੱਚੋਂ ਕੇਵਲ 357 ਆਸਾਮੀਆਂ ਹੀ ਮੰਨਜ਼ੂਰ ਹਨ ਜਿੰਨ੍ਹਾਂ ਵਿੱਚੋਂ 130 ਆਸਾਮੀਆਂ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਈ-ਪੰਜਾਬ ਪੋਰਟਲ 'ਤੇ ਨਹੀਂ ਦਰਸਾਇਆ ਜਾਂਦਾ ਅਤੇ ਬਾਕੀ 1800 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਜੌਗਰਫ਼ੀ ਵਿਸ਼ੇ ਦੀ ਪੜ੍ਹਾਈ ਤੋਂ ਵਾਂਝੇ ਚੱਲ ਰਹੇ ਹਨ। ਜੇਕਰ ਪੰਜਾਬ ਦੇ ਮੁਕਾਬਲੇ ਗੁਆਂਢੀ ਰਾਜਾਂ ਦੀ ਗੱਲ ਕਰੀਏ ਤਾਂ ਹਰਿਆਣਾ ਤੇ ਰਾਜਸਥਾਨ ਦੇ ਹਰ ਇੱਕ ਸਕੂਲ ਵਿੱਚ ਜੌਗਰਫ਼ੀ ਵਿਸ਼ੇ ਦੇ ਲੈਕਚਰਾਰ ਦੀ ਆਸਾਮੀ ਮੰਨਜ਼ੂਰ ਹੈ ਅਤੇ ਉੱਥੋਂ ਦੇ ਵਿਦਿਆਰਥੀ ਪੰਜਾਬ ਦੀ ਤੁਲਨਾ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚੋਂ ਮੱਲਾਂ ਮਾਰਦੇ ਹਨ। ਵਾਤਾਵਰਣ ਵਿਸ਼ਾ ਪੜ੍ਹਾਉਣ ਲਈ ਕਿਸੇ ਵੀ ਸਕੂਲ ਵਿੱਚ ਲੈਕਚਰਾਰ ਤਾਇਨਾਤ ਨਹੀਂ ਹਨ, ਜਦੋਂਕਿ ਜੌਗਰਫ਼ੀ ਵਿਸ਼ੇ ਦਾ ਲੈਕਚਰਾਰ ਵਾਤਾਵਰਣ 'ਤੇ ਜੌਗਰਫ਼ੀ ਵਿਸ਼ਾ ਪੜ੍ਹਾਏ ਜਾਣ ਦੇ ਸਮਰੱਥ ਹੈ। ਜੱਥੇਬੰਦੀ ਦੇ ਆਗੂਆਂ ਨੇ ਪ੍ਰਦਰਸ਼ਨ ਕਰਦੇ ਹੋਏ, ''ਧਰਤੀ ਦੀ ਸੰਭਾਲ ਕਰੋ, ਪੰਛੀਆਂ ਦਾ ਵੀ ਖਿਆਲ ਕਰੋ ਅਤੇ ਰੁੱਖ ਲਗਾਓ, ਰੁੱਖ ਲਗਾਓ, ਵਾਤਾਵਰਣ ਨੂੰ ਸ਼ੁੱਧ ਬਣਾਓ'' ਦੇ ਬੈਨਰਾਂ ਰਾਹੀਂ ਸੰਦੇਸ਼ ਦਿੱਤਾ। ਮੀਟਿੰਗ ਦੌਰਾਨ ਜੱਥੇਬੰਦੀ ਨੇ ਪੰਜਾਬ ਸਰਕਰ ਤੋਂ ਮੰਗ ਕੀਤੀ ਕਿ ਹਰ ਇੱਕ ਸੀਨੀਅਰ ਸੈਕੰਡਰੀ ਵਿੱਚ ਜੌਗਰਫ਼ੀ ਵਿਸ਼ੇ ਦੇ ਲੈਕਚਰਾਰਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ 174 ਪੀ.ਐੱਮ ਸ਼੍ਰੀ ਤੇ 119 ਐਮੀਨੈਂਸ ਸਕੂਲਾਂ ਵਿੱਚ ਜੌਗਰਫ਼ੀ ਵਿਸ਼ਾ ਪਹਿਲ ਦੇ ਆਧਾਰ 'ਤੇ ਚਾਲੂ ਕੀਤਾ ਜਾਵੇ, ਤਾਂ ਜੋ ਵਿਦਿਆਰਥੀ ਧਰਤੀ ਸੰਬੰਧੀ ਸਮੁੱਚਾ ਗਿਆਨ ਹਾਸਲ ਕਰਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਅ ਸਕਣ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਯੋਗ ਸਥਾਨ ਹਾਸਲ ਕਰਕੇ ਆਪਣਾ ਭਵਿੱਖ ਸੰਵਾਰ ਸਕਣ ਅਤੇ ਇਸ ਵਿਸ਼ੇ ਦੇ ਪੋਸਟ ਗਰੈਜੂਏਟ ਅਧਿਆਪਕ ਤਰੱਕੀ ਰਾਹੀਂ ਤੇ ਨਵੀਂ ਭਰਤੀ ਰਾਹੀਂ ਆਪਣੀਆਂ ਸੇਵਾਵਾਂ ਦੇ ਸਕਣ। ਮੀਟਿੰਗ ਵਿੱਚ ਸੂਬਾਈ ਆਗੂਆਂ ਤੋਂ ਇਲਾਵਾ ਪ੍ਰੇਮ ਕੁਮਾਰ, ਰਾਜੀਵ ਕੁਮਾਰ ਅਤੇ ਅਮਰਜੀਤ ਸਿੰਘ ਨੇ ਵੀ ਸ਼ਿਰਕਿਤ ਕੀਤੀ।