ਰੈਵੀਨਿਊ ਵਿਭਾਗ ’ਚ ਪਾਰਦਰਸ਼ਤਾ ਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਮੰਗ
ਰਿਟਾਇਰਡ ਰੈਵੀਨਿਊ ਕਾਨੂੰਨਗੋ-ਪਟਵਾਰੀ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਮੋਗਾ ਦੇ ਸ਼ਹਿਰੀ ਪਟਵਾਰੀਆਂ ਦੇ ਕੰਮਕਾਜ 'ਤੇ ਉੱਠੇ ਸਵਾਲ
Publish Date: Sat, 06 Jun 2026 05:06 PM (IST)
Updated Date: Sun, 07 Jun 2026 04:05 AM (IST)

ਰਿਟਾਇਰਡ ਰੈਵੀਨਿਊ ਕਾਨੂੰਨਗੋ-ਪਟਵਾਰੀ ਐਸੋਸੀਏਸ਼ਨ ਨੇ ਕੀਤਾ ਵਿਚਾਰ ਵਟਾਂਦਰਾ ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਮੋਗਾ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 6 ਜੂਨ 1984 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਈ ਕਾਰਵਾਈ ਅਤੇ ਉਸ ਸਮੇਂ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਅਤੇ ਮਾਸੂਮ ਬੱਚਿਆਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਮੱਘਰ ਸਿੰਘ ਚਹਿਲ ਦੇ ਮਾਤਾ ਗੁਰਦੇਵ ਕੌਰ ਦੇ ਅਕਾਲ ਚਲਾਣੇ ਤੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੌਰਾਨ ਮੈਂਬਰਾਂ ਨੇ ਮੋਗਾ ਸ਼ਹਿਰ ਦੇ ਰੈਵੀਨਿਊ ਦਫ਼ਤਰਾਂ ਦੇ ਕੰਮਕਾਜ ਸਬੰਧੀ ਕਈ ਮੁੱਦੇ ਉਠਾਏ। ਐਸੋਸੀਏਸ਼ਨ ਦੇ ਮੈਂਬਰਾਂ ਗੁਰਮੇਲ ਸਿੰਘ ਗੌਂਦਾਰਾ, ਬਲਵਿੰਦਰ ਸਿੰਘ ਪੁਰਬਾ ਅਤੇ ਰਸ਼ਪਾਲ ਸਿੰਘ ਨੇ ਦੋਸ਼ ਲਗਾਇਆ ਕਿ ਕੁਝ ਸ਼ਹਿਰੀ ਪਟਵਾਰੀਆਂ ਵੱਲੋਂ ਸੇਵਾਮੁਕਤ ਪਟਵਾਰੀਆਂ, ਕਾਨੂੰਨਗੋਆਂ ਅਤੇ ਹੋਰ ਅਧਿਕਾਰੀਆਂ ਨਾਲ ਉਚਿਤ ਵਿਹਾਰ ਨਹੀਂ ਕੀਤਾ ਜਾਂਦਾ। ਉਨ੍ਹਾਂ ਦਾ ਕਹਿਣਾ ਸੀ ਕਿ ਕਈ ਵਾਰ ਜਾਇਦਾਦਾਂ, ਇੰਤਕਾਲਾਂ ਅਤੇ ਹੋਰ ਰੈਵੀਨਿਊ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਬੇਵਜ੍ਹਾ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ ਅਤੇ ਕੰਮਾਂ ਵਿੱਚ ਟਾਲ-ਮਟੋਲ ਕੀਤੀ ਜਾਂਦੀ ਹੈ। ਮੀਟਿੰਗ ਵਿੱਚ ਬੋਲਣ ਵਾਲਿਆਂ ਨੇ ਦਾਅਵਾ ਕੀਤਾ ਕਿ ਆਮ ਲੋਕਾਂ ਨੂੰ ਆਪਣੇ ਜ਼ਮੀਨੀ ਅਤੇ ਮਾਲੀਆ ਸਬੰਧੀ ਕੰਮਾਂ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰੈਵੀਨਿਊ ਵਿਭਾਗ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਐਸੋਸੀਏਸ਼ਨ ਮੈਂਬਰਾਂ ਨੇ ਇਹ ਵੀ ਮੰਗ ਕੀਤੀ ਕਿ ਰੈਵੀਨਿਊ ਵਿਭਾਗ ਦੇ ਕੰਮਕਾਜ ਅਤੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਬੁਲਾਰਿਆਂ ਨੇ ਕਿਹਾ ਕਿ ਜੇਕਰ ਕਿਸੇ ਵੀ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਖ਼ਿਲਾਫ਼ ਸ਼ਿਕਾਇਤਾਂ ਮਿਲਦੀਆਂ ਹਨ ਤਾਂ ਉਨ੍ਹਾਂ ਦੀ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਜੀਲੈਂਸ ਵਿਭਾਗ ਤੋਂ ਮੰਗ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਰੈਵੀਨਿਊ ਵਿਭਾਗ ਵਿੱਚ ਸੁਚੱਜੇ ਪ੍ਰਬੰਧ ਯਕੀਨੀ ਬਣਾਏ ਜਾਣ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਰਿਟਾਇਰਡ ਕਰਮਚਾਰੀ ਆਪਣੀ ਸਾਰੀ ਉਮਰ ਸਰਕਾਰੀ ਸੇਵਾ ਵਿੱਚ ਬਿਤਾਉਂਦੇ ਹਨ ਅਤੇ ਉਨ੍ਹਾਂ ਨਾਲ ਸਨਮਾਨਪੂਰਵਕ ਵਿਹਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਸਰਕਾਰੀ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਗੁਰਮੇਲ ਸਿੰਘ ਗੌਂਦਾਰਾ (ਜਨਰਲ ਸਕੱਤਰ), ਲਖਵੀਰ ਸਿੰਘ (ਸਹਾਇਕ ਸਕੱਤਰ), ਗੁਰਮੇਲ ਸਿੰਘ (ਖ਼ਜ਼ਾਨਚੀ), ਸੁਖਦੇਵ ਸਿੰਘ ਖੋਸਾ, ਗੁਰਦੌਰ ਸਿੰਘ, ਜਗਰਾਜ ਸਿੰਘ, ਕਮਲੇਸ਼ ਕੁਮਾਰ, ਜਸਵੰਤ ਸਿੰਘ, ਮੱਖਣਜੀਤ ਸਿੰਘ, ਚੰਦ ਸਿੰਘ, ਚਮਕੌਰ ਸਿੰਘ ਘੋਲੀਆ, ਨਾਇਬ ਸਿੰਘ ਮੱਲੀ, ਕੇਵਲ ਸਿੰਘ, ਗੁਰਮੇਲ ਸਿੰਘ ਰਖਾਲਾ, ਸੰਤੋਖ ਸਿੰਘ, ਗੁਰਮੀਤ ਸਿੰਘ ਸੰਘਾ, ਬਲਵਿੰਦਰ ਸਿੰਘ ਖੋਸਾ, ਦਰਸ਼ਨ ਸਿੰਘ ਬਰਾੜ, ਬਲਦੇਵ ਸਿੰਘ ਸੰਧੂ, ਪ੍ਰੀਤਮ ਸਿੰਘ, ਮੋਹਣ ਸਿੰਘ, ਸਵਰਨ ਸਿੰਘ ਬਰਾੜ, ਬਲਦੇਵ ਸਿੰਘ ਸਮਾਲਸਰ, ਬਲਜੀਤ ਸਿੰਘ, ਰਸ਼ਪਾਲ ਸਿੰਘ, ਮੰਗਲ ਪ੍ਰਕਾਸ਼, ਬਲਵੰਤ ਸਿੰਘ ਭਲੂਰ, ਗੁਰਨਾਮ ਸਿੰਘ, ਮੁਲਖ ਰਾਜ ਅਤੇ ਬਲਵਿੰਦਰ ਸਿੰਘ ਪੁਰਬਾ ਸਮੇਤ ਵੱਡੀ ਗਿਣਤੀ ਵਿੱਚ ਸੇਵਾਮੁਕਤ ਪਟਵਾਰੀ ਅਤੇ ਕਾਨੂੰਨਗੋ ਹਾਜ਼ਰ ਸਨ।