ਫ਼ਰੀਦਕੋਟ 'ਚ 'ਅੱਗ ਉਗਲ ਰਹੀ ਗਰਮੀ': ਸ਼ਹਿਰ 'ਚ ਲਗਾਤਾਰ ਵਾਪਰ ਰਹੀਆਂ ਅੱਗ ਲੱਗਣ ਦੀਆਂ ਘਟਨਾਵਾਂ, ਦਹਿਸ਼ਤ 'ਚ ਲੋਕ
ਜ਼ਿਲ੍ਹੇ 'ਚ ਪੈ ਰਹੀ ਗਰਮੀ ਹੁਣ ਲੋਕਾਂ ਲਈ ਆਫ਼ਤ ਬਣਨ ਲੱਗੀ ਹੈ। ਵਧਦੇ ਤਾਪਮਾਨ ਦੇ ਕਾਰਨ ਸ਼ਹਿਰ 'ਚ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਪਿਛਲੇ ਕੁਝ ਹੀ ਦਿਨਾਂ ਦੇ ਅੰਦਰ ਸ਼ਹਿਰ 'ਚ ਤਿੰਨ ਵੱਡੇ ਹਾਦਸੇ ਵਾਪਰ ਚੁੱਕੇ ਹਨ। ਪਹਿਲੀ ਘਟਨਾ 'ਚ ਬੀਤੇ ਦਿਨੀਂ ਤੂੜੀ ਨਾਲ ਲੱਦਿਆ ਇੱਕ ਟਰੱਕ ਅਚਾਨਕ ਅੱਗ ਦੀ ਲਪੇਟ 'ਚ ਆ ਗਿਆ, ਜਿਸ 'ਤੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਅਤੇ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ।
Publish Date: Wed, 10 Jun 2026 10:35 AM (IST)
Updated Date: Wed, 10 Jun 2026 10:38 AM (IST)

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫ਼ਰੀਦਕੋਟ : ਜ਼ਿਲ੍ਹੇ 'ਚ ਪੈ ਰਹੀ ਗਰਮੀ ਹੁਣ ਲੋਕਾਂ ਲਈ ਆਫ਼ਤ ਬਣਨ ਲੱਗੀ ਹੈ। ਵਧਦੇ ਤਾਪਮਾਨ ਦੇ ਕਾਰਨ ਸ਼ਹਿਰ 'ਚ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਪਿਛਲੇ ਕੁਝ ਹੀ ਦਿਨਾਂ ਦੇ ਅੰਦਰ ਸ਼ਹਿਰ 'ਚ ਤਿੰਨ ਵੱਡੇ ਹਾਦਸੇ ਵਾਪਰ ਚੁੱਕੇ ਹਨ। ਪਹਿਲੀ ਘਟਨਾ 'ਚ ਬੀਤੇ ਦਿਨੀਂ ਤੂੜੀ ਨਾਲ ਲੱਦਿਆ ਇੱਕ ਟਰੱਕ ਅਚਾਨਕ ਅੱਗ ਦੀ ਲਪੇਟ 'ਚ ਆ ਗਿਆ, ਜਿਸ 'ਤੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਅਤੇ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ। ਦੂਜੀ ਘਟਨਾ ਜ਼ਿਲ੍ਹਾ ਕਚਹਿਰੀ ਕੰਪਲੈਕਸ ਦੀ ਹੈ, ਜਿੱਥੇ ਖੜ੍ਹੀ ਇੱਕ ਸਕੂਟੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਉਹ ਦੇਖਦੇ ਹੀ ਦੇਖਦੇ ਸੜ ਕੇ ਸਵਾਹ ਹੋ ਗਈ।
ਤਾਜ਼ਾ ਮਾਮਲਾ ਮੰਗਲਵਾਰ ਦਾ ਹੈ, ਜਿੱਥੇ ਸਰਕੂਲਰ ਰੋਡ 'ਤੇ ਸਥਿਤ ਇੱਕ ਦਫ਼ਤਰ ਦੇ ਸਾਹਮਣੇ ਲੱਗੇ ਬਿਜਲੀ ਦੇ ਟ੍ਰਾਂਸਫਾਰਮਰ 'ਚ ਜ਼ੋਰਦਾਰ ਧਮਾਕਾ ਹੋਇਆ ਅਤੇ ਭਿਆਨਕ ਅੱਗ ਲੱਗ ਗਈ। ਖ਼ੁਸ਼ਕਿਸਮਤੀ ਇਹ ਰਹੀ ਕਿ ਟ੍ਰਾਂਸਫਾਰਮਰ 'ਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ ਨੂੰ ਦੇਖ ਕੇ ਨੇੜੇ ਹੀ ਸਥਿਤ ਆਧਾਰ ਅਤੇ ਦਫ਼ਤਰਾਂ ਅਤੇ ਬੈਂਕ ਦੇ ਕਰਮਚਾਰੀ ਤੁਰੰਤ ਹਰਕਤ 'ਚ ਆ ਗਏ। ਉਨ੍ਹਾਂ ਨੇ ਸੂਝ-ਬੂਝ ਦਿਖਾਉਂਦੇ ਹੋਏ ਆਪਣੇ ਦਫ਼ਤਰਾਂ 'ਚ ਰੱਖੇ ਅੱਗ ਬੁਝਾਊ ਯੰਤਰਾਂ (ਫਾਇਰ ਐਕਸਟਿੰਗਵਿਸ਼ਰ) ਦੀ ਮਦਦ ਨਾਲ ਸਮਾਂ ਰਹਿੰਦੇ ਅੱਗ 'ਤੇ ਕਾਬੂ ਪਾ ਲਿਆ, ਜਿਸ ਕਾਰਨ ਇੱਕ ਬਹੁਤ ਵੱਡਾ ਹਾਦਸਾ ਟਲ ਗਿਆ। ਲਗਾਤਾਰ ਵਧ ਰਹੀ ਭਿਆਨਕ ਗਰਮੀ ਅਤੇ ਤਪਸ਼ ਕਾਰਨ ਬਿਜਲੀ ਦੇ ਉਪਕਰਨਾਂ ਅਤੇ ਵਾਹਨਾਂ 'ਚ ਸ਼ਾਰਟ ਸਰਕਟ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਗਿਆ ਹੈ।