ਕਣਕ ਦੀ ਫਸਲ ਲਈ ਮੀਂਹ ਲਾਹੇਵੰਦ, ਕਿਸਾਨ ਖੁਸ਼
ਮੀਂਹ ਕਾਰਨ ਤਾਪਮਾਨ ’ਚ ਆਈ ਗਿਰਾਵਟ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਹੋਈਆਂ
Publish Date: Thu, 19 Mar 2026 05:08 PM (IST)
Updated Date: Fri, 20 Mar 2026 04:07 AM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪਿਛਲੇ ਦਿਨੀਂ ਤਾਪਮਾਨ ’ਚ ਸਮੇਂ ਤੋਂ ਪਹਿਲਾਂ ਹੋਏ ਵਾਧੇ ਨੇ ਕਿਸਾਨਾਂ ਨੂੰ ਫਿਕਰਾਂ ’ਚ ਪਾ ਦਿੱਤਾ ਸੀ ਕਿਉਂਕਿ ਹਾੜ੍ਹੀ ਦੀਆਂ ਫ਼ਸਲਾਂ ਖਾਸਕਰ ਕਣਕਾਂ ਦੇ ਪੱਕਣ ਦਾ ਸਮਾਂ ਨਜ਼ਦੀਕ ਹੋਣ ’ਤੇ ਤਾਪਮਾਨ ਦਾ ਵਾਧਾ ਫ਼ਸਲਾਂ ਦੇ ਅਨਕੂਲ ਨਹੀਂ ਸੀ ਕਿਉਂਕਿ ਇਸ ਸਬੰਧੀ ਖੇਤੀ ਮਾਹਿਰਾਂ ਦਾ ਮੰਨਣ ਹੈ ਕਿ ਹਾੜ੍ਹੀ ਦੀਆਂ ਫ਼ਸਲਾਂ ਦੇ ਚੰਗੇ ਝਾੜ ਲਈ ਸਰਦੀ ਦਾ ਮਾਰਚ ਦੇ ਅਖੀਰ ਤੱਕ ਪੈਣਾ ਜ਼ਰੂਰੀ ਹੈ ਪ੍ਰੰਤੂ ਇਸ ਵਾਰ ਫ਼ਰਵਰੀ ਮਹੀਨੇ ’ਚ ਹੀ ਤਾਪਮਾਨ ’ਚ ਵਾਧਾ ਹੋਣ ਕਰਕੇ ਹਾੜ੍ਹੀ ਦੀਆਂ ਫ਼ਸਲਾਂ ਦੇ ਝਾੜ ਘੱਟਣ ਦੀ ਸੰਭਾਵਨਾ ਬਣੀ ਹੋਈ ਸੀ, ਜਿਸ ਕਰਕੇ ਕਿਸਾਨ ਚਿੰਤਤ ਸਨ। ਪਿਛਲੇ ਦਿਨੀਂ ਹੋਈ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਕੁਝ ਇਲਾਕਿਆਂ ’ਚ ਪਏ ਗੜ੍ਹਿਆਂ ਕਾਰਨ ਤਾਪਮਾਨ ’ਚ ਆਈ ਗਿਰਾਵਟ ਨੇ ਕਿਸਾਨਾਂ ਦੀਆਂ ਚਿੰਤਾਵਾਂ ਕੁਝ ਹੱਦ ਤੱਕ ਦੂਰ ਹੋਈਆਂ ਹਨ। ਇਸ ਮੌਸਮ ਦੇ ਕੁਝ ਹੋਰ ਦਿਨ ਠੰਡਾ ਰਹਿਣ ਦੀ ਸੰਭਾਵਨਾ ਹੈ। ਉਸ ਸਮੇਂ ਤੱਕ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਪੱਕ ਕਿ ਬਿਲਕੁਲ ਤਿਆਰ ਹੋ ਜਾਵੇਗੀ। ਮੌਸਮ ਅਨਕੂਲ ਰਹਿਣ ਕਾਰਨ ਕਣਕਾਂ ਦੇ ਝਾੜ ’ਤੇ ਕੋਈ ਮਾੜੇ ਅਸਰ ਦੀ ਸੰਭਾਵਨਾ ਖ਼ਤਮ ਹੋ ਜਾਵੇਗੀ। ਕਿਉਂਕਿ ਇਹ ਵਰਖਾ ਠੀਕ ਸਮੇਂ ਤੇ ਹੋਈ ਹੈ ਅਤੇ ਇਸ ਨਾਲ ਤੇਜ਼ ਹਵਾਵਾਂ ਚੱਲਣ ਤੋਂ ਵੀ ਬਚਾਅ ਰਿਹਾ ਹੈ।