ਕਿਸਾਨ ਸੁੱਕੀ ਕਣਕ ਵੱਢ ਕੇ ਮੰਡੀਆਂ ’ਚ ਲਿਆਉਣ : ਡਾ. ਸ਼ਰਮਾ
ਕਿਸਾਨ ਸੁੱਕੀ ਕਣਕ ਵੱਢ ਕੇ ਦਾਣਾ ਮੰਡੀਆਂ ’ਚ ਲਿਆਉਣ : ਚੇਅਰਮੈਨ ਡਾ. ਲਛਮਣ ਭਗਤੂਆਣਾ
Publish Date: Sun, 12 Apr 2026 05:55 PM (IST)
Updated Date: Mon, 13 Apr 2026 04:10 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਖ਼ਜ਼ਾਨਚੀ ਡਾ. ਲਛਮਣ ਸ਼ਰਮਾ ਭਗਤੂਆਣਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁੱਕੀ ਤੇ ਸਾਫ਼ ਕਣਕ ਵੱਢ ਕੇ ਦਾਣਾ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਉਸ ਦੀ ਸਮੇਂ ਸਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤੈਅ 12 ਫ਼ੀਸਦੀ ਨਮੀਂ ਅਨੁਸਾਰ ਖ਼ਰੀਦ ਹੋ ਸਕੇ ਅਤੇ ਕਿਸਾਨਾਂ ਨੂੰ ਖ਼ਰੀਦ ਦੌਰਾਨ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ ਨੇ ਕਿਹਾ ਕਿ ਬੇਸ਼ੱਕ ਪਿਛਲੇ ਕਈ ਦਿਨਾਂ ਤੋਂ ਵਿਗੜੇ ਮੌਸਮ ਅਤੇ ਮੀਂਹ ਕਾਰਨ ਕਿਸਾਨਾਂ ਨੂੰ ਕਣਕ ਦੇ ਖ਼ਰਾਬ ਹੋਣ ਦਾ ਡਰ ਸਤਾਅ ਰਿਹਾ ਹੈ, ਪਰ ਫੇਰ ਵੀ ਕਿਸਾਨ ਗਿੱਲੀ ਕਣਕ ਨੂੰ ਵੱਢਣ ਦੀ ਕਾਹਲੀ ਨਾ ਕਰਨ ਤੇ ਕਣਕ ਚੰਗੀ ਤਰ੍ਹਾਂ ਪੱਕਣ ’ਤੇ ਹੀ ਵੱਢੀ ਜਾਵੇ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਜੈਤੋ ਅਧੀਨ ਪੈਂਦੀਆਂ ਦਾਣਾ ਮੰਡੀਆਂ ’ਚ ਸਾਰੇ ਪ੍ਰਬੰਧ ਮੁਕੰਮਲ ਹਨ। ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ ਨੇ ਅੱਗੇ ਕਿਹਾ ਕਿ ਬੇਸ਼ੱਕ ਮੌਸਮ ਦੀ ਮਾਰ ਕਾਰਨ ਕਣਕ ਦੀ ਵਾਢੀ ’ਚ ਦੇਰੀ ਹੋ ਰਹੀ ਹੈ, ਪਰ ਪੰਜਾਬ ਸਰਕਾਰ ਕਿਸਾਨਾਂ ਦੀ ਕਣਕ ਦਾ ਦਾਣਾ-ਦਾਣਾ ਖ਼ਰੀਦ ਕਰੇਗੀ ਅਤੇ ਖ਼ਰੀਦ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ ਨੇ ਕਿਹਾ ਕਿ ਜੇਕਰ ਫੇਰ ਵੀ ਕਿਸੇ ਕਿਸਾਨ ਜਾਂ ਆੜ੍ਹਤੀ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਰਜਿੰਦਰ ਸਿੰਘ, ਲੇਖਾਕਾਰ ਵਿਕਾਸ ਜੈਨ, ਮੰਡੀ ਸੁਪਰਵਾਈਜ਼ਰ ਸੁਰਿੰਦਰ ਸਿੰਘ ਢਿੱਲੋਂ, ਮੰਡੀ ਸੁਪਰਵਾਈਜ਼ਰ ਅਮਰਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਮੁਨੀਸ਼ ਕੁਮਾਰ, ਮੰਡੀ ਸੁਪਰਵਾਈਜ਼ਰ ਜਸਵਿੰਦਰਪਾਲ ਸ਼ਰਮਾ, ਕਰਮਚਾਰੀ ਬਲਦੇਵ ਸਿੰਘ ਤੋਂ ਇਲਾਵਾ ਸਰਪੰਚ ਜਸਪਾਲ ਸਿੰਘ ‘ਜੱਸਾ ਬਰਾੜ’ ਰੋੜੀਕਪੂਰਾ, ‘ਆਪ’ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਚੈਨਾ, ‘ਆਪ’ ਯੂਥ ਵਿੰਗ ਜੈਤੋ ਸ਼ਹਿਰੀ ਦੇ ਪ੍ਰਧਾਨ ਨੰਬਰਦਾਰ ਧਰਮਿੰਦਰਪਾਲ ਸਿੰਘ ਤੋਤਾ, ਦੀਪਾਸ਼ੂ ਜਿੰਦਲ ਜੈਤੋ, ਬਲਰਾਜ ਸਿੰਘ ਬਿਸ਼ਨੰਦੀ, ਲਛਮਣ ਸਿੰਘ ਬਿਸ਼ਨੰਦੀ, ਨਵਦੀਪ ਸਿੰਘ ਮਾਨ ਭਗਤੂਆਣਾ, ਪੀ.ਏ. ਲਾਡੀ ਬਿਸ਼ਨੰਦੀ, ਸੁੱਖਾ ਰੋੜੀਕਪੂਰਾ ਆਦਿ ਹਾਜ਼ਰ ਸਨ।