ਕਿਸਾਨਾਂ ਨੂੰ ਕੁਦਰਤੀ ਕਰੋਪੀ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਮਿਲੇ ਪੂਰਾ ਮੁਆਵਜ਼ਾ : ਕਾਂਗਰਸੀ ਆਗੂ
ਕਿਸਾਨਾਂ ਨੂੰ ਕੁਦਰਤੀ ਕਰੋਪੀ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਮਿਲੇ ਪੂਰਾ ਮੁਆਵਜ਼ਾ : ਕਾਂਗਰਸੀ ਆਗੂ
Publish Date: Thu, 09 Apr 2026 03:45 PM (IST)
Updated Date: Fri, 10 Apr 2026 04:00 AM (IST)

ਕਿਸਾਨਾਂ ਨੂੰ ਨੁਕਸਾਨੀ ਫਸਲ ਦਾ ਮੁਆਵਜ਼ਾ ਦੇਣ ਦੀ ਮੰਗ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਵਿਚ ਬੀਤੇ ਕੁਝ ਦਿਨਾਂ ਤੋਂ ਹੋ ਰਹੀ ਮੋਹਲੇਧਾਰ ਬਾਰਿਸ਼ ’ਤੇ ਭਾਰੀ ਗੜੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਕਈ ਜ਼ਿਲ੍ਹਿਆਂ ਵਿਚ ਮੌਸਮ ਦੇ ਅਚਾਨਕ ਬਦਲਾਅ ਕਾਰਨ ਗੜਿਆਂ ਦੀ ਵਰਖ਼ਾ ਹੋਈ, ਜਿਸ ਨਾਲ ਖੇਤਾਂ ਵਿਚ ਖੜੀਆਂ ਕਣਕ, ਸਰੋਂ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਕਿਸਾਨਾਂ ਦੇ ਮੁਤਾਬਿਕ, ਇਹ ਨੁਕਸਾਨ ਇੰਨ੍ਹਾਂ ਵੱਡਾ ਹੈ ਕਿ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ’ਤੇ ਖ਼ਰਚ ਪਾਣੀ ਵਿਚ ਚਲਾ ਗਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਪਵਨ ਗੋਇਲ ਜੈਤੋ, ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਮਿਹਰ ਸਿੰਘ (ਸਾਬਕਾ ਸਰਪੰਚ ਕਰੀਰਵਾਲੀ), ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ (ਸਾਬਕਾ ਸਰਪੰਚ ਮੜ੍ਹਾਕ), ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਮਨਬੀਰ ਸਿੰਘ ‘ਬੱਬੂ ਬਰਾੜ’ ਮੱਤਾ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਜਨਰਲ ਸਕੱਤਰ ਦਵਿੰਦਰਬੀਰ ਸਿੰਘ ਬਰਾੜ ਮੱਤਾ, ਬਲਾਕ ਸੰਮਤੀ ਕੋਟਕਪੂਰਾ ਦੇ ਸਾਬਕਾ ਵਾਈਸ ਚੇਅਰਮੈਨ ਸੁਖਜੀਤ ਸਿੰਘ ਧਾਲੀਵਾਲ (ਸਾਬਕਾ ਸਰਪੰਚ ਕੋਠੇ ਹਵਾਨਾ) ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰੀਤਪਾਲ ਸਿੰਘ ਭਲੂਰੀਆ (ਸਾਬਕਾ ਸਰਪੰਚ ਬਰਗਾੜੀ) ਨੇ ਕਿਹਾ ਕਿ ਗੜੇਮਾਰੀ ਕਾਰਨ ਖਾਸ ਕਰਕੇ ਕਣਕ ਦੀ ਫ਼ਸਲ ਨੂੰ ਸਭ ਤੋਂ ਵੱਧ ਝਟਕਾ ਲੱਗਿਆ ਹੈ, ਕਿਉਂਕਿ ਇਹ ਸਮਾਂ ਕੱਟਾਈ ਦੇ ਨੇੜੇ ਸੀ। ਵੱਡੇ-ਵੱਡੇ ਗੜਿਆਂ ਨੇ ਫ਼ਸਲਾਂ ਨੂੰ ਢਾਹ ਦਿੱਤਾ ਅਤੇ ਦਾਣੇ ਖ਼ਰਾਬ ਕਰ ਦਿੱਤੇ। ਇਸ ਤੋਂ ਇਲਾਵਾ ਸਬਜ਼ੀਆਂ ਅਤੇ ਫ਼ਲਾਂ ਦੀਆਂ ਫ਼ਸਲਾਂ ਵੀ ਬਰਬਾਦ ਹੋ ਗਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਦੋਹਰਾ ਨੁਕਸਾਨ ਝੱਲਣਾ ਪਿਆ ਹੈ। ਕਈ ਥਾਵਾਂ ’ਤੇ ਪਾਣੀ ਭਰ ਜਾਣ ਨਾਲ ਖੇਤਾਂ ਦੀ ਹਾਲਤ ਹੋਰ ਵੀ ਖ਼ਰਾਬ ਹੋ ਗਈ ਹੈ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਹੈ ਕਿ ਤੁਰੰਤ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ ਸਮੇਂ ਸਿਰ ਸਹਾਇਤਾ ਨਾ ਮਿਲੀ ਤਾਂ ਕਈ ਕਿਸਾਨ ਕਰਜ਼ੇ ਦੇ ਬੋਝ ਹੇਠ ਆ ਜਾਣਗੇ। ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਇਹ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।