15 ਦਿਨ ਬੀਤ ਜਾਣ ਤੋ ਬਾਅਦ ਵੀ ਮੰਡੀਆਂ ’ਚ ਰੁਲ ਰਹੇ ਨੇ ਕਿਸਾਨ
15 ਦਿਨ ਬੀਤ ਜਾਣ ਤੋ ਬਾਅਦ ਵੀ ਮੰਡੀਆਂ ਵਿੱਚ ਰੁਲ ਰਹੇ ਨੇ ਕਿਸਾਨ
Publish Date: Wed, 15 Apr 2026 05:39 PM (IST)
Updated Date: Thu, 16 Apr 2026 04:03 AM (IST)

ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਪੰਜਾਬ ਭਰ ’ਚ ਡੀਐੱਫਐੱਸਸੀ ਦਫਤਰਾਂ ਦਾ ਕੀਤਾ ਘਿਰਾਓ ਵਿਕਾਸ ਗਰਗ, ਪੰਜਾਬੀ ਜਾਗਰਣ, ਫਰੀਦਕੋਟ : ਪੰਜਾਬ ਭਰ |ਚ ਮੰਡੀਆਂ ਚ 15 ਦਿਨ ਬੀਤ ਜਾਣ ਤੋਂ ਬਾਅਦ ਵੀ ਸੁਚੱਜੇ ਢੰਗ ਨਾਲ ਸਰਕਾਰੀ ਖਰੀਦ ਸ਼ੁਰੂ ਨਾਂ ਹੋਣ ਕਾਰਨ ਅਤੇ ਸਰਕਾਰੀ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਤੋ ਹੱਥ ਪਿੱਛੇ ਖਿੱਚ ਕੇ ਹੜਤਾਲ ਉੱਪਰ ਚਲੇ ਜਾਣ ਕਾਰਨ ਬੀਕੇਯੂ ਏਕਤ ਸਿੱਧੂਪੁਰ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਖੜੇ ਹੁੰਦੇ ਹੋਏ ਪੰਜਾਬ ਭਰ ਵਿੱਚ ਡੀ ਐਫ ਐਸ ਸੀ ਦੇ ਦਫਤਰਾਂ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਫਰੀਦਕੋਟ ਵਿਖੇ ਡੀਐਫਐਸਸੀ ਦੇ ਦਫਤਰ ਦਾ ਘਿਰਾਓ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਐਸਕੇਐਮ ਗੈਰ ਰਾਜਨੀਤਿਕ ਦੇ ਕੌਮੀ ਕਨਵੀਨਰ ਅਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੀਂਹ,ਹਨੇਰੀ,ਝੱਖੜ ਦੇ ਪਹਿਲਾਂ ਹੀ ਝੰਬੇ ਕਿਸਾਨਾਂ ਨੂੰ ਹੁਣ ਕਣਕ ਦਾ ਦਾਣਾ ਦਾਣਾ ਖ੍ਰੀਦਣ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਦੀ ਬੇਰੁਖੀ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋਏ 15 ਦਿਨਾਂ ਤੋਂ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਲਈ ਕਿਸਾਨ ਹਿਤੈਸ਼ੀ ਹੋਣ ਦਾ ਦਿਖਾਵਾ ਕਰਨ ਵਾਲੀਆਂ ਦੋਨੇ ਹੀ ਸਰਕਾਰਾਂ ਕਿਸਾਨੀ ਪ੍ਰਤੀ ਸੁਹਿਰਦਤਾ ਦਿਖਾਉਣ ਅਤੇ ਸਰਕਾਰ ਵੱਲੋ ਜੋ ਕੁਦਰਤੀ ਆਫਤ ਫੰਡ ਰੱਖਿਆ ਜਾਂਦਾ ਹੈ ਉਸ ਨੂੰ ਰਿਲੀਜ ਕਰਦੇ ਹੋਏ ਕੁਦਰਤੀ ਆਫਤ ਨਾਲ ਨੁਕਸਾਨੀ ਗਈ ਫਸਲ ਦੇ ਨੁਕਸਾਨ ਦੀ ਭਰਪਾਈ ਕਰਕੇ ਕਿਸਾਨਾ ਦੀ ਕਣਕ ਦਾ ਦਾਣਾ ਦਾਣਾ ਖਰੀਦਿਆ ਜਾਵੇ ਅਤੇ ਜੇਕਰ ਕਿਸੇ ਵੀ ਮੰਡੀ ਵਿੱਚ ਕਿਸੇ ਵੀ ਵਪਾਰੀ ਜਾਂ ਸਰਕਾਰੀ ਏਜੰਸੀ ਵੱਲੋਂ ਕਿਸਾਨਾਂ ਤੋ ਕਾਟ ਮੰਗ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਬੀਕੇਯੂ ਸਿੱਧੂਪੁਰ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਹਨਾ ਕਿਹਾ ਕਿ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਭਾਜਪਾ ਵੱਲੋਂ ਝੂਠੇ ਪ੍ਰਚਾਰ ਕੀਤੇ ਜਾ ਰਹੇ ਹਨ ਕਿ ਜੇਕਰ ਫਸਲਾਂ ਦਾ ਬੀਮਾ ਹੋਇਆ ਹੋਵੇ ਤਾਂ ਕਿਸਾਨਾਂ ਨੂੰ ਮੁਆਵਜ਼ਾ ਮੰਗਣ ਦੀ ਜਰੂਰਤ ਨਹੀਂ ਪਵੇਗੀ ਜਦੋਂ ਕਿ ਫਸਲੀ ਬੀਮੇ ਦੀ ਹਕੀਕਤ ਇਹ ਹੈ ਕਿ ਹਰਿਆਣੇ ਵਿੱਚ ਵੀ ਜਿੰਨਾ ਕਿਸਾਨਾਂ ਵੱਲੋਂ ਫਸਲਾਂ ਦੇ ਬੀਮੇ ਕਰਵਾਏ ਗਏ ਹਨ ਉਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਅਤੇ ਕਿਸਾਨਾਂ ਤੋਂ ਬੀਮੇ ਦੇ ਪੈਸੇ ਭਰਾ ਕੇ ਕੰਪਨੀਆਂ ਵੱਲੋਂ ਪੈਸੇ ਇਕੱਠੇ ਕਰਨ ਦਾ ਹੀ ਕੰਮ ਕੀਤਾ ਜਾ ਰਿਹਾ, ਕਿਉਂਕਿ ਬੀਮਾ ਕੰਪਨੀਆਂ ਵੱਲੋਂ ਫਸਲ ਦੀ ਕਟਾਈ ਤੋਂ ਕਰੀਬ 10 ਦਿਨ ਪਹਿਲਾਂ ਹੀ ਬੀਮਾ ਪਾਲਿਸੀ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਜੋ ਫਸਲ ਦੀ ਕਟਾਈ ਤੋਂ ਪਹਿਲਾਂ ਜੇਕਰ ਕਿਸਾਨ ਦੀ ਫਸਲ ਦਾ ਕੋਈ ਨੁਕਸਾਨ ਹੋ ਜਾਵੇ ਤਾਂ ਫਿਰ ਕੰਪਨੀ ਨੂੰ ਉਹ ਬੀਮੇ ਦੀ ਰਕਮ ਕਿਸਾਨ ਨੂੰ ਅਦਾ ਕਰਨੀ ਹੀ ਨਾਂ ਪਵੇ, ਅਤੇ ਸਰਕਾਰਾਂ ਵੱਲੋ ਮੁਆਵਜ਼ਾ ਤੇ ਬੀਮਾ ਕੰਪਨੀਆਂ ਵੱਲੋਂ ਜੋ ਬੀਮੇ ਦਾ ਪੈਸਾ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਕੀਤੇ ਜਾ ਰਹੇ ਆਪਣੇ ਮਤਰੇਈ ਮਾਂ ਵਾਲੇ ਸਲੂਕ ਨੂੰ ਛੱਡ ਕੇ ਜਿਵੇਂ ਰਾਜਸਥਾਨ ਵਿੱਚ ਕੇਂਦਰ ਸਰਕਾਰ ਵੱਲੋਂ ਤੁਰੰਤ ਖਰੀਦ ਦੇ ਮਾਪਦੰਡਾਂ ਵਿੱਚ ਢਿੱਲ ਦਿੱਤੀ ਗਈ ਹੈ ਉਸੇ ਤਰ੍ਹਾਂ ਪੰਜਾਬ ਅੰਦਰ ਮੀਂਹ ਝਖੜ ਤੇ ਹਨੇਰੀ ਨਾਲ ਹੋਏ ਕਣਕਾਂ ਦੇ ਕੁਦਰਤੀ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਖਰੀਦ ਦੇ ਮਾਪਦੰਡਾਂ ਵਿੱਚ ਛੋਟ ਦੇਵੇ ਅਤੇ ਤੁਰੰਤ ਖਰੀਦ ਏਜੰਸੀਆਂ ਨੂੰ ਖਰੀਦ ਸ਼ੁਰੂ ਕਰਨ ਦੇ ਹੁਕਮ ਜਾਰੀ ਕਰੇ, ਜੇਕਰ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਮਾਪ ਦੰਡਾਂ ਵਿੱਚ ਢਿੱਲ ਦੇਣ ਦੀ ਬਜਾਏ ਕਿਸਾਨਾਂ ਦੀ ਲੁੱਟ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਿੱਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਜਥੇਬੰਦੀ ਆਪਣੇ ਲੋਕਾਂ ਦੇ ਹੱਕਾਂ ਹਕੂਕਾਂ ਦੀ ਰੱਖਿਆ ਕਰਦੇ ਹੋਏ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆਂ ਵਾਲਾ, ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ, ਜ਼ਿਲ੍ਹਾ ਖਜਾਨਚੀ ਗੁਰਾਂਦਿੱਤਾ ਸਿੰਘ ਬਾਜਾਖਾਨਾ, ਸ਼ਿੰਦਰਪਾਲ ਸਿੰਘ ਪ੍ਰਧਾਨ ਬਲਾਕ ਜੈਤੋ, ਬਲਜਿੰਦਰ ਸਿੰਘ ਵਾੜਾ ਭਾਈਕਾ ਪ੍ਰਧਾਨ ਬਲਾਕ ਬਾਜਾਖਾਨਾ, ਨਾਇਬ ਸਿੰਘ ਸ਼ੇਰ ਸਿੰਘ ਵਾਲਾ ਪ੍ਰਧਾਨ ਸਾਦਿਕ ਬਲਾਕ, ਨਿਰਮਲ ਸਿੰਘ ਢਿਲਵਾਂ ਪ੍ਰਧਾਨ ਬਲਾਕ ਕੋਟਕਪੂਰਾ, ਸੁਖਚਰਨ ਸਿੰਘ ਕਾਲਾ ਪ੍ਰਧਾਨ ਬਲਾਕ ਗੋਲੇਵਾਲਾ, ਤੇਜਾ ਸਿੰਘ ਪੱਕਾ ਪ੍ਰਧਾਨ ਬਲਾਕ ਫਰੀਦਕੋਟ, ਜਤਿੰਦਰਜੀਤ ਸਿੰਘ ਭਿੰਡਰ ਨੌਜਵਾਨ ਆਗੂ, ਰਾਜਵੀਰ ਸਿੰਘ ਪੱਖੀ, ਹੁਸ਼ਿਆਰ ਸਿੰਘ ਸੋਨਾ ਮਿਸ਼ਰੀ ਵਾਲਾ, ਨਾਇਬ ਸਿੰਘ ਢਿੱਲਵਾਂ ਆਦਿ ਕਿਸਾਨ ਆਗੂ ਹਾਜ਼ਰ ਸਨ।