ਸਪੀਕਰ ਨੇ ਰਜਬਾਹੇ ਦੇ ਕੰਮ ਦਾ ਲਿਆ ਜਾਇਜ਼ਾ
ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ - 12.5 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਿਹਾ ਰਜਬਾਹਾ — ਸਪੀਕਰ ਸੰਧਵਾਂ
Publish Date: Fri, 10 Apr 2026 03:56 PM (IST)
Updated Date: Sat, 11 Apr 2026 04:00 AM (IST)

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ 12.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਰਜਬਾਹੇ ਦੇ ਚੱਲ ਰਹੇ ਕੰਕਰੀਟ ਲਾਈਨਿੰਗ ਦੇ ਕੰਮ ਦਾ ਮੌਕੇ ‘ਤੇ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ। ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਇਹ ਰਜਬਾਹਾ ਤਿਆਰ ਹੋਣ ਨਾਲ ਇਲਾਕੇ ਦੇ ਸੈਂਕੜਿਆਂ ਏਕੜ ਖੇਤਰ ਨੂੰ ਸਿੰਚਾਈ ਲਈ ਪੂਰਾ ਪਾਣੀ ਮੁਹੱਈਆ ਹੋਵੇਗਾ, ਜਿਸ ਨਾਲ ਕਿਸਾਨਾਂ ਦੀ ਫਸਲ ਉਤਪਾਦਨ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ। ਇਸ ਪ੍ਰੋਜੈਕਟ ਨਾਲ ਪਾਣੀ ਦੀ ਬਰਬਾਦੀ ਰੁਕੇਗੀ ਅਤੇ ਆਖ਼ਰੀ ਟੇਲਾਂ ਤੱਕ ਪੂਰਾ ਪਾਣੀ ਪਹੁੰਚਣਾ ਯਕੀਨੀ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਤਰਜੀਹ ਦੇ ਆਧਾਰ ‘ਤੇ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਪਿੰਡ ਬਾਹਮਣਵਾਲਾ, ਢਾਬ, ਖੋਹਰਵਾਲਾ, ਲਾਲੇਆਣਾ, ਨਾਨਕਸਰ ਅਤੇ ਕੋਠੇ ਵੜਿੰਗ ਦੇ ਕਿਸਾਨਾਂ ਵੱਲੋਂ ਰਜਬਾਹੇ ਦੇ ਕੰਮ ਲਈ ਸਪੀਕਰ ਸੰਧਵਾਂ ਅਤੇ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਇਲਾਕੇ ਵਿੱਚ ਪਾਣੀ ਦੀ ਕਮੀ ਦੀ ਸਮੱਸਿਆ ਦਾ ਹੱਲ ਹੋਵੇਗਾ। ਨਿਰੀਖਣ ਦੌਰਾਨ ਕਿਸਾਨਾਂ ਨੇ ਮੋਘਿਆਂ ਅਤੇ ਪਾਈਪਲਾਈਨਾਂ ਨਾਲ ਸੰਬੰਧਿਤ ਆਪਣੀਆਂ ਮੰਗਾਂ ਸਪੀਕਰ ਸਾਹਿਬ ਅੱਗੇ ਰੱਖੀਆਂ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸਪੀਕਰ ਸੰਧਵਾਂ ਨੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਕਿ ਇਹ ਮੰਗਾਂ ਪਹਿਲ ਦੇ ਆਧਾਰ ‘ਤੇ ਜਲਦ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਗੈਰੀ ਵੜਿੰਗ, ਸਰਪੰਚ ਗੁਰਮੇਲ ਸਿੰਘ, ਗੁਰਮੀਤ ਸਿੰਘ ਸਰਪੰਚ, ਕੁਲਵੰਤ ਸਿੰਘ, ਰਾਜਾ, ਮਿੱਠੂ ਫੋਜੀ, ਬਲਵਿੰਦਰ ਸਿੰਘ ਤੋਂ ਇਲਾਵਾ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ, ਇਲਾਕੇ ਦੇ ਪੰਚ, ਕਿਸਾਨ ਅਤੇ ਹੋਰ ਪਤਵੰਤ ਸ਼ਖਸੀਅਤਾਂ ਵੀ ਹਾਜ਼ਰ ਸਨ।