ਫੁੱਟਬਾਲ ਕੁੜੀਆਂ ’ਚ ਫ਼ਰੀਦਕੋਟ ਪੰਜਾਬ ’ਚੋਂ ਦੂਜੇ ਸਥਾਨ ’ਤੇ
ਫੁੱਟਬਾਲ ਕੁੜੀਆਂ ’ਚ ਫ਼ਰੀਦਕੋਟ ਪੰਜਾਬ ’ਚੋਂ ਦੂਜੇ ਸਥਾਨ ’ਤੇ
Publish Date: Sun, 15 Feb 2026 04:54 PM (IST)
Updated Date: Mon, 16 Feb 2026 04:03 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਫ਼ਰੀਦਕੋਟ ਅੰਜਨਾ ਕੌਸ਼ਲ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਫ਼ਰੀਦਕੋਟ ਪਵਨ ਕੁਮਾਰ ਦੀ ਰਹਿਨੁਮਾਈ ਹੇਠ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜੈਤੋ ਸੁਸ਼ੀਲ ਕੁਮਾਰ ਅਹੂਜਾ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਫ਼ਰੀਦਕੋਟ ਦੀ ਫੁੱਟਬਾਲ ਲੜਕੀਆਂ ਦੀ ਮੇਜ਼ਬਾਨੀ ਕਰਨ ਲਈ ਬਲਾਕ ਜੈਤੋ ਤੋਂ ਟੀਮ, ਟੀਮ ਮੈਨੇਜਰ ਨਵਨੀਤ ਕੌਰ ਅਤੇ ਸਹਾਇਕ ਮੈਨੇਜਰ ਕਮਲਪ੍ਰੀਤ ਕੌਰ ਦੀ ਕਮਾਂਡ ਹੇਠ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਲੁਧਿਆਣਾ ਪਹੁੰਚੀ। ਕੋਚ ਨਰਿੰਦਰਜੀਤ ਸਿੰਘ ਭੱਟੀ ਅਤੇ ਹਰਭਜਨ ਸਿੰਘ ਦੀ ਮਿਹਨਤ ਨਾਲ ਸਿੱਖਿਅਤ ਇਹਨਾਂ ਨੰਨੀਆਂ ਖਿਡਾਰਨਾਂ ਨੇ ਨਾ ਕੇਵਲ ਪੰਜਾਬ ਭਰ ਵਿੱਚੋਂ ਉਪ ਜੇਤੂ ਦਾ ਖ਼ਿਤਾਬ ਹਾਸਿਲ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤੇ ਸਗੋਂ ਮੈਦਾਨ ਵਿੱਚ ਦਰਸ਼ਕਾਂ ਦਾ ਮਨ ਵੀ ਮੋਹ ਲਿਆ। ਲਗਾਤਾਰ ਮਿਹਨਤ ਸਦਕਾ ਆਪਣੇ ਤੋਂ ਵੱਡੇ ਤੇ ਵੱਡੇ ਜ਼ਿਲ੍ਹੇ ਵਾਲਿਆਂ ਨੂੰ ਮਾਤ ਦੇ ਕੇ ਫਾਈਨਲ ਵਿੱਚ ਪਹੁੰਚੀਆਂ। ਅੰਤ ਵਿੱਚ ਵੀ ਪੈਨਾਲਿਟੀ ਗੋਲ ਰਾਹੀਂ ਹੋਏ ਫ਼ੈਸਲੇ ਅਨੁਸਾਰ ਪੰਜਾਬ ਭਰ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਇਹਨਾਂ ਹੋਣਹਾਰ ਖਿਡਾਰਨਾਂ ਨੇ ਫ਼ਰੀਦਕੋਟ ਦਾ ਪੰਜਾਬ ਭਰ ਵਿੱਚ ਨਾਮ ਰੋਸ਼ਨ ਕੀਤਾ। ਇਹਨਾਂ ਦੀ ਇਸ ਪ੍ਰਾਪਤੀ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਫ਼ਰੀਦਕੋਟ ਅੰਜਨਾ ਕੌਸ਼ਲ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਫ਼ਰੀਦਕੋਟ ਪਵਨ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਫ਼ਰੀਦਕੋੋਟ ਕੇਵਲ ਕੌਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜੈਤੋ ਸੁਸ਼ੀਲ ਕੁਮਾਰ ਅਹੂਜਾ ਨੇ ਖ਼ੁਸ਼ੀ ਹਾਸਿਲ ਕਰਦਿਆਂ ਵਧਾਈ ਪੇਸ਼ ਕੀਤੀ। ਇਸ ਮੌਕੇ ਟੀਮ ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੋੜੀਕਪੂਰਾ ਦੇ ਸੈਂਟਰ ਮੁੱਖ ਅਧਿਆਪਕ ਰਣਜੀਤ ਸਿੰਘ ਖੱਚੜਾਂ, ਰਵੀ ਕੁਮਾਰ ਰਾਮਗੜ੍ਹ (ਭਗਤੂਆਣਾ), ਮਨਦੀਪ ਸਿੰਘ ਸੂਰਘੁਰੀ ਅਤੇ ਸੁਖਵਿੰਦਰ ਸਿੰਘ ਮੱਤਾ ਸਕੂਲ ਵੀ ਹਾਜਰ ਸਨ।