ਪੁਲਿਸ ਨੇ ਕੋਰਟ ਕੰਪਲੈਕਸ ’ਚ ਚਲਾਈ ਤਲਾਸ਼ੀ ਮੁਹਿੰਮ
ਕਈ ਜ਼ਿਲ੍ਹਿਆਂ ’ਚ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਫਰੀਦਕੋਟ ਪੁਲਿਸ ਅਲਰਟ
Publish Date: Thu, 08 Jan 2026 03:44 PM (IST)
Updated Date: Fri, 09 Jan 2026 04:00 AM (IST)

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ : ਪੰਜਾਬ ਵਿੱਚ ਫਿਰੋਜ਼ਪੁਰ, ਮੋਗਾ ਸਮੇਤ ਹੋਰ ਕਈ ਜ਼ਿਲ੍ਹਿਆਂ ਦੇ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਫਰੀਦਕੋਟ ਜ਼ਿਲ੍ਹਾ ਪੁਲਿਸ ਵੀ ਅਲਰਟ ਮੋਡ ਵਿੱਚ ਨਜ਼ਰ ਆਈ। ਇਸ ਮੱਦੇਨਜ਼ਰ ਫਰੀਦਕੋਟ ਕੋਰਟ ਕੰਪਲੈਕਸ ਵਿੱਚ ਪੁਲਿਸ ਵੱਲੋਂ ਡਾਗ ਸਕਵਾਡ ਦੀ ਟੀਮ ਨਾਲ ਮਿਲ ਕੇ ਵਿਸਥਾਰਪੂਰਵਕ ਸਰਚ ਅਭਿਆਨ ਚਲਾਇਆ ਗਿਆ। ਤਲਾਸ਼ੀ ਦੌਰਾਨ ਕੋਰਟ ਕੰਪਲੈਕਸ ਦੇ ਸਾਰੇ ਕਮਰਿਆਂ, ਆਸ-ਪਾਸ ਦੇ ਖੇਤਰ ਅਤੇ ਚੱਪੇ-ਚੱਪੇ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਕੋਰਟ ਕੰਪਲੈਕਸ ਵਿੱਚ ਮੌਜੂਦ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਪਾਰਕਿੰਗ ਵਿੱਚ ਖੜੀਆਂ ਗੱਡੀਆਂ ਦੀ ਵੀ ਤਲਾਸ਼ੀ ਲਈ ਗਈ। ਦੱਸਣਯੋਗ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਸੂਬੇ ਭਰ ਵਿੱਚ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ। ਹਾਲਾਂਕਿ ਫਰੀਦਕੋਟ ਕੋਰਟ ਕੰਪਲੈਕਸ ਵਿੱਚ ਕੀਤੀ ਗਈ ਤਲਾਸ਼ੀ ਦੌਰਾਨ ਪੁਲਿਸ ਨੂੰ ਕੋਈ ਵੀ ਸ਼ੱਕੀ ਸਮਾਨ ਜਾਂ ਧਮਾਕੇ ਵਾਲੀ ਵਸਤੂ ਬਰਾਮਦ ਨਹੀਂ ਹੋਈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਿਟੀ ਦੇ ਐਸ.ਐਚ.ਓ ਸਬ ਇੰਸਪੈਕਟਰ ਰਾਜਵੰਤ ਸਿੰਘ ਨੇ ਦੱਸਿਆ ਕਿ 26 ਜਨਵਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਪਹਿਲਾਂ ਤੋਂ ਹੀ ਜ਼ਿਲ੍ਹੇ ਭਰ ਵਿੱਚ ਸਰਵਜਨਿਕ ਅਤੇ ਸਾਂਝੀਆਂ ਥਾਵਾਂ ’ਤੇ ਰੂਟੀਨ ਮੁਤਾਬਕ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਫਰੀਦਕੋਟ ਵਿੱਚ ਇਸ ਤਰ੍ਹਾਂ ਦੀ ਕੋਈ ਧਮਕੀ ਪ੍ਰਾਪਤ ਨਹੀਂ ਹੋਈ ਹੈ।