ਫ਼ਰੀਦਕੋਟ ਪੁਲਿਸ ਦੀ ਨਸ਼ਾ ਤਸਕਰਾਂ 'ਤੇ ਸਰਜੀਕਲ ਸਟ੍ਰਾਈਕ: 2 ਕਿੱਲੋ ਹੈਰੋਇਨ ਸਮੇਤ ਅੰਮ੍ਰਿਤਸਰ ਦਾ ਵੱਡਾ ਤਸਕਰ ਕਾਬੂ
ਜ਼ਿਲ੍ਹਾ ਪੁਲਿਸ ਵੱਲੋਂ ਐੱਸ.ਐੱਸ.ਪੀ. ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਦੇ ਵਿਰੁੱਧ’ ਤਹਿਤ ਕਾਰਵਾਈ ਕਰਦਿਆਂ ਫ਼ਰੀਦਕੋਟ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 2.064 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
Publish Date: Thu, 05 Mar 2026 12:03 PM (IST)
Updated Date: Thu, 05 Mar 2026 12:04 PM (IST)

ਜਾਗਰਣ ਸੰਵਾਦਦਾਤਾ, ਫ਼ਰੀਦਕੋਟ : ਜ਼ਿਲ੍ਹਾ ਪੁਲਿਸ ਵੱਲੋਂ ਐੱਸ.ਐੱਸ.ਪੀ. ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਦੇ ਵਿਰੁੱਧ’ ਤਹਿਤ ਕਾਰਵਾਈ ਕਰਦਿਆਂ ਫ਼ਰੀਦਕੋਟ ਪੁਲਿਸ ਨੇ ਇੱਕ ਹੋਰ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 2.064 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਜੋਗੇਸ਼ਵਰ ਸਿੰਘ ਗੋਰਾਇਆ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਫ਼ਰੀਦਕੋਟ ਦੇ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐੱਸ.ਆਈ. ਸੁਖਪਾਲ ਸਿੰਘ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਜਦੋਂ ਉਹ ਪਿੰਡ ਚੰਦਬਾਜਾ ਵਾਲੇ ਪੁਲ ਤੋਂ ਖੱਬੇ ਪਾਸੇ ਸਰਵਿਸ ਰੋਡ 'ਤੇ ਪਹੁੰਚੇ ਤਾਂ ਉੱਥੇ ਇੱਕ ਵਿਅਕਤੀ ਕਿੱਟ ਬੈਗ ਸਮੇਤ ਮੌਜੂਦ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਉਸ ਨੇ ਮੋਟਰਸਾਈਕਲ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਕਾਬੂ ਕਰ ਲਿਆ।
ਇਸ ਤੋਂ ਬਾਅਦ ਡੀ.ਐੱਸ.ਪੀ. ਤਰਲੋਚਨ ਸਿੰਘ ਦੀ ਮੌਜੂਦਗੀ ਵਿੱਚ ਤਲਾਸ਼ੀ ਲੈਣ 'ਤੇ ਉਸ ਦੇ ਕਿੱਟ ਬੈਗ ਵਿੱਚੋਂ 2 ਪੈਕੇਟ ਹੈਰੋਇਨ ਅਤੇ 20,000 ਰੁਪਏ ਡਰੱਗ ਮਨੀ ਬਰਾਮਦ ਹੋਈ। ਪੈਕੇਟਾਂ ਵਿੱਚ ਕ੍ਰਮਵਾਰ 01 ਕਿਲੋ 58 ਗ੍ਰਾਮ ਅਤੇ 01 ਕਿਲੋ 06 ਗ੍ਰਾਮ ਹੈਰੋਇਨ ਪਾਈ ਗਈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਆਕਾਸ਼ ਉਰਫ਼ ਮਾਨ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦੇ ਪ੍ਰੀਤ ਨਗਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਨਸ਼ੇ ਦੀ ਖੇਪ ਦੇ ਨਾਲ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਹੈ।
ਸਰਹੱਦ ਪਾਰ ਤੋਂ ਸਪਲਾਈ ਆਉਣ ਦਾ ਖ਼ਦਸ਼ਾ
ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਖੇਪ ਅੱਗੇ ਸਪਲਾਈ ਕੀਤੀ ਜਾਣੀ ਸੀ। ਮੁਲਜ਼ਮ ਦਾ ਅਪਰਾਧਿਕ ਰਿਕਾਰਡ ਖੰਗਾਲਣ 'ਤੇ ਪਤਾ ਲੱਗਾ ਕਿ ਉਸ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ, ਆਰਮਜ਼ ਐਕਟ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ 07 ਮਾਮਲੇ ਦਰਜ ਹਨ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ (Backward and Forward links) ਦੀ ਜਾਂਚ ਕੀਤੀ ਜਾ ਸਕੇ। ਮੰਨਿਆ ਜਾ ਰਿਹਾ ਹੈ ਕਿ ਇਹ ਸਪਲਾਈ ਸਰਹੱਦ ਪਾਰ ਤੋਂ ਆਈ ਸੀ। ਥਾਣਾ ਸਦਰ ਫ਼ਰੀਦਕੋਟ ਵਿੱਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।