Faridkot News : ਨਹਿਰ ’ਚ ਨਹਾਉਣ ਗਿਆ 14 ਸਾਲਾ ਵਿਦਿਆਰਥੀ ਰੁੜ੍ਹਿਆ, ਭਾਲ ਜਾਰੀ
ਨੇੜਲੇ ਪਿੰਡ ਮਚਾਕੀ ਮੱਲ ਸਿੰਘ ਵਾਲਾ ਦੇ ਪੁਲ ਕੋਲ ਬੁੱਧਵਾਰ ਦੁਪਹਿਰ ਸਮੇਂ ਸਰਹਿੰਦ ਨਹਿਰ ਵਿੱਚ ਨਹਾਉਣ ਗਿਆ ਇਕ 8ਵੀਂ ਜਮਾਤ ਦਾ 14 ਸਾਲਾ ਵਿਦਿਆਰਥੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ।
Publish Date: Thu, 04 Jun 2026 08:18 PM (IST)
Updated Date: Thu, 04 Jun 2026 08:21 PM (IST)
ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫਰੀਦਕੋਟ : ਨੇੜਲੇ ਪਿੰਡ ਮਚਾਕੀ ਮੱਲ ਸਿੰਘ ਵਾਲਾ ਦੇ ਪੁਲ ਕੋਲ ਬੁੱਧਵਾਰ ਦੁਪਹਿਰ ਸਮੇਂ ਸਰਹਿੰਦ ਨਹਿਰ ਵਿੱਚ ਨਹਾਉਣ ਗਿਆ ਇਕ 8ਵੀਂ ਜਮਾਤ ਦਾ 14 ਸਾਲਾ ਵਿਦਿਆਰਥੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ, ਮਾਪਿਆਂ, ਰਿਸ਼ਤੇਦਾਰਾਂ ਅਤੇ ਗੋਤਾਖੋਰਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਵਿਦਿਆਰਥੀ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਖਬਰ ਲਿਖੇ ਜਾਣ ਤੱਕ ਵਿਦਿਆਰਥੀ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਨਹਿਰ ਵਿੱਚ ਰੁੜ੍ਹਣ ਵਾਲੇ ਵਿਦਿਆਰਥੀ ਦੀ ਪਛਾਣ ਨੀਰਜ ਬਜਾਜ ਉਰਫ ਸਹਿਜ ਵਾਸੀ ਗੁਰੂ ਤੇਗ ਬਹਾਦਰ ਨਗਰ ਫਰੀਦਕੋਟ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਨੀਰਜ ਆਪਣੇ ਕੁਝ ਦੋਸਤਾਂ ਨਾਲ ਮਚਾਕੀ ਮੱਲ ਸਿੰਘ ਵਾਲੇ ਪੁਲ ਨੇੜੇ ਖੇਡਣ ਅਤੇ ਗਰਮੀ ਤੋਂ ਰਾਹਤ ਲਈ ਸਰਹਿੰਦ ਨਹਿਰ ਵਿੱਚ ਨਹਾਉਣ ਗਿਆ ਸੀ।
ਪ੍ਰਤੱਖਦਰਸ਼ੀਆਂ ਮੁਤਾਬਿਕ ਨਹਾਉਂਦੇ ਸਮੇਂ ਅਚਾਨਕ ਨੀਰਜ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ’ਚ ਆ ਗਿਆ। ਉਸ ਦੇ ਦੋਸਤਾਂ ਨੇ ਰੌਲਾ ਪਾਇਆ ਤਾਂ ਆਸ-ਪਾਸ ਖੇਤਾਂ ਵਿੱਚ ਕੰਮ ਕਰ ਰਹੇ ਲੋਕ ਤੁਰਤ ਮੌਕੇ ’ਤੇ ਪਹੁੰਚੇ ਅਤੇ ਉਸ ਨੂੰ ਬਚਾਉਣ ਦੇ ਯਤਨ ਕੀਤੇ ਪਰ ਉਹ ਦੇਖਦੇ ਹੀ ਦੇਖਦੇ ਨੀਰਜ ਅੱਖਾਂ ਤੋਂ ਉਹਲੇ ਹੋ ਗਿਆ। ਥਾਣਾ ਮੁਖੀ ਐਸਐਚਓ ਰਾਜਵੰਤ ਮੁਤਾਬਿਕ ਗੋਤਾਖੋਰਾਂ ਵੱਲੋਂ ਵਿਦਿਆਰਥੀ ਦੀ ਭਾਲ ਜਾਰੀ ਹੈ।