ਮਜ਼ਦੂਰਾਂ ਨੂੰ ਗਰਮ ਕੱਪੜੇ, ਕੰਬਲ ਤੇ ਰਜਾਈਆਂ ਵੰਡੀਆਂ
ਫਰੀਦਕੋਟ ਲਾਇੰਸ ਕ੍ਰਿਕਟ ਕਲੱਬ ਵੱਲੋਂ ਮਜ਼ਦੂਰਾਂ ਨੂੰ ਗਰਮ ਕੱਪੜੇ,ਕੰਬਲ ਅਤੇ ਰਜਾਈਆਂ ਵੰਡੀਆਂ
Publish Date: Sat, 10 Jan 2026 03:28 PM (IST)
Updated Date: Sun, 11 Jan 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਸੰਸਥਾ ਫਰੀਦਕੋਟ ਲਾਇੰਸ ਕ੍ਰਿਕਟ ਕਲੱਬ ਵੱਲੋਂ ਸਰਦੀ ਰਾਹਤ ਮੁਹਿੰਮ ਤਹਿਤ ਸੇਵਾ ਕਾਰਜ ਕਰਦਿਆਂ ਗਰੀਬ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੇਜ਼ ਸਰਦੀ ਲਹਿਰ ਤੋਂ ਬਚਾਉਣ ਲਈ ਗਰਮ ਕੱਪੜੇ, ਕੰਬਲ ਅਤੇ ਰਜਾਈਆਂ ਵੰਡੀਆਂ ਗਈਆਂ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਲਗਾਏ ਗਏ ਇਸ ਰਾਹਤ ਕੈਂਪ ਵਿੱਚ ਬਹੁਤ ਸਾਰੇ ਰੋਜ਼ਾਨਾ ਮਜ਼ਦੂਰੀ ਕਰਨ ਵਾਲੇ ਦਿਹਾੜੀਦਾਰ ਕਾਮੇ ਆਪਣੇ ਪਰਿਵਾਰਾਂ ਸਹਿਤ ਸ਼ਾਮਿਲ ਹੋਏ। ਕਲੱਬ ਦੇ ਪ੍ਰਧਾਨ ਡਾ.ਨੀਰਜ ਸ਼ਰਮਾ,ਜਨਰਲ ਸਕੱਤਰ ਅਡਵੋਕੇਟ ਸੌਰਭ ਢਿੰਗਰਾ, ਖਜ਼ਾਨਚੀ ਜਸਵਿੰਦਰ ਸੱਚਦੇਵ ਅਤੇ ਕਾਰਜਕਾਰੀ ਮੈਂਬਰ ਪੰਕਜ ਬੰਸਲ ਨੇ ਆਪਣੇ ਹੱਥਾਂ ਨਾਲ ਸਰਦੀ ਦੀਆਂ ਜ਼ਰੂਰੀ ਸਮੱਗਰੀਆਂ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਵੰਡੀਆਂ। ਕਲੱਬ ਵੱਲੋਂ ਦਰਜਨਾਂ ਪਰਿਵਾਰਾਂ ਨੂੰ ਡਿੱਗਦੇ ਤਾਪਮਾਨ ਤੋਂ ਤੁਰੰਤ ਸੁਰੱਖਿਆ ਦੇਣ ਲਈ ਭਾਰੀ ਕੰਬਲ, ਰਜਾਈਆਂ,ਸਵੈਟਰ, ਟੋਪੀਆਂ, ਅਤੇ ਹੋਰ ਗਰਮ ਕੱਪੜੇ ਜੋ ਸਾਰੀਆਂ ਉਮਰਾਂ ਲਈ ਢੁਕਵੇਂ ਸਨ ਤਕਸੀਮ ਕੀਤੇ ਗਏ। ਇਸ ਮੌਕੇ ਕਲੱਬ ਮੈਂਬਰ ਹੈਰੀ,ਸਤਿੰਦਰ ਪਾਲ, ਚੈਰਿਸ਼ ਅਤੇ ਕਨਵ ਵੀ ਹਾਜਰ ਸਨ। ਕਲੱਬ ਪ੍ਰਧਾਨ ਡਾ.ਨੀਰਜ ਸ਼ਰਮਾ ਨੇ ਕਿਹਾ ਉਨ੍ਹਾਂ ਦਾ ਕਲੱਬ ਕ੍ਰਿਕਟ ਮੈਦਾਨ ਤੋਂ ਬਾਹਰ ਆ ਕਿ ਸਮਾਜਸੇਵਾ ਦੇ ਖੇਤਰ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ ਅਤੇ ਕਲੱਬ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਸਮਾਜ ਭਲਾਈ ਪ੍ਰੋਜੈਕਟ ਉਲੀਕੇ ਜਾ ਰਹੇ ਹਨ। ਕਲੱਬ ਦੇ ਜਨਰਲ ਸਕੱਤਰ ਸੌਰਭ ਢਿੰਗਰਾ ਅਤੇ ਖਜ਼ਾਨਚੀ ਜਸਵਿੰਦਰ ਨੇ ਆਏ ਹੋਏ ਮਹਿਨਤਕਸ਼ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਇਸ ਤੇਜ਼ ਸਰਦੀ ਵਿੱਚ ਕੀਤੀ ਜਾ ਰਹੀ ਮਹਿਨਤ ਨੂੰ ਸਲਾਮ ਕਰਦਿਆਂ ਆਪਣੀ ਅਤੇ ਆਪਣੇ ਪਰਿਵਾਰਕ ਮੈਬਰਾਂ ਦੀ ਸਿਹਤ ਦਾ ਧਿਆਨ ਰੱਖਣ ਅਤੇ ਸਰਦੀ ਤੋਂ ਬਚਾਅ ਰੱਖਣ ਸਬੰਧੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ।