ਜ਼ਿਲ੍ਹੇ ’ਚ ਆਂਗਨਵਾੜੀ ਓਲੰਪਿਕਸ ਖੇਡ ਮੁਕਾਬਲੇ 2026 ਕਰਵਾਏ
ਜ਼ਿਲ੍ਹਾ ਫਰੀਦਕੋਟ ਦੇ ਆਂਗਣਵਾੜੀ ਕੇਂਦਰਾਂ ਵਿੱਚ “ਆਂਗਣਵਾੜੀ ਓਲੰਪਿਕਸ ਖੇਡ ਮੁਕਾਬਲੇ 2026” ਕਰਵਾਏ
Publish Date: Fri, 13 Mar 2026 03:53 PM (IST)
Updated Date: Sat, 14 Mar 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਤਹਿਤ ਰਤਨਦੀਪ ਸੰਧੂ, ਜਿਲ੍ਹਾ ਪ੍ਰੋਗਰਾਮ ਅਫਸਰ ਫਰੀਦਕੋਟ ਦੀ ਯੋਗ ਅਗਵਾਈ ਹੇਠ ਮਿਤੀ 12 ਅਤੇ 13 ਮਾਰਚ ਨੂੰ ਜ਼ਿਲ੍ਹਾ ਫਰੀਦਕੋਟ ਦੇ ਆਂਗਣਵਾੜੀ ਕੇਂਦਰਾਂ ਵਿੱਚ “ਆਂਗਣਵਾੜੀ ਓਲੰਪਿਕਸ ਖੇਡ ਮੁਕਾਬਲੇ 2026” ਕਰਵਾਏ ਗਏ। ਇਸ ਪ੍ਰੋਗਰਾਮ ਦੀ ਥੀਮ ਪਲੇਅ- ਲਰਨ- ਗ੍ਰੋ (ਖੇਡੋ-ਸਿੱਖੋ-ਵਧੋ)” ਰੱਖੀ ਗਈ। ਇਸ ਦਾ ਮੁੱਖ ਉਦੇਸ਼ 3 ਤੋਂ 6 ਸਾਲ ਦੇ ਬੱਚਿਆਂ ਦੇ ਸਿਹਤਮੰਦ ਅਤੇ ਸਰਵਪੱਖੀ ਵਿਕਾਸ ਲਈ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਸੀ। ਬੱਚਿਆਂ ਨੂੰ ਖੇਡਾਂ ਵੱਲ ਜੋੜਨ ਨਾਲ ਉਨ੍ਹਾਂ ਦੀ ਸਰੀਰਕ ਤੰਦਰੁਸਤੀ, ਆਤਮ ਵਿਸ਼ਵਾਸ ਅਤੇ ਸਿੱਖਣ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ। 12 ਮਾਰਚ ਨੂੰ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਅਤੇ ਮਾਪਿਆਂ ਦੀ ਭਾਗੀਦਾਰੀ ਨਾਲ ਦੌੜ, ਨਿੰਬੂ-ਚਮਚਾ ਦੌੜ, ਬੋਰੀ ਦੌੜ, ਸਕਿੱਪਿੰਗ, ਬਾਲ ਗੇਮਜ਼ ਅਤੇ ਹੋਰ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਖੇਡਾਂ ਰਾਹੀਂ ਸਿੱਖਣ ਦਾ ਆਨੰਦ ਮਾਣਿਆ। ਇਸ ਤੋਂ ਇਲਾਵਾ 13 ਮਾਰਚ ਨੂੰ ਸੁਪਰਵਾਈਜ਼ਰ ਸਤਰ ‘ਤੇ ਆਂਗਣਵਾੜੀ ਵਰਕਰਾਂ ਦੇ ਖੇਡ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਵੱਖ-ਵੱਖ ਆਂਗਣਵਾੜੀ ਵਰਕਰਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਾਬਲਿਯਤ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੌਰਾਨ ਮਿਊਜ਼ਿਕਲ ਚੇਅਰ, ਚਮਚ-ਗੇਂਦ ਦੌੜ ਸਮੇਤ ਹੋਰ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਭਾਗ ਲੈਣ ਵਾਲੀਆਂ ਵਰਕਰਾਂ ਨੇ ਬਹੁਤ ਜੋਸ਼ ਅਤੇ ਖੁਸ਼ੀ ਨਾਲ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਬੱਚਿਆਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਛੋਟੇ-ਛੋਟੇ ਇਨਾਮਾਂ ਦੇ ਨਾਲ ਪੋਸ਼ਟਿਕ ਨਾਸ਼ਤਾ ਵੀ ਦਿੱਤਾ ਗਿਆ। ਇਹ ਪ੍ਰੋਗਰਾਮ ਬੱਚਿਆਂ ਦੀ ਸਿਹਤ, ਖੇਡਾਂ ਅਤੇ ਸਿੱਖਣ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ। ਵਿਭਾਗ ਵੱਲੋਂ ਮਾਪਿਆਂ ਅਤੇ ਸਮਾਜ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਂਗਣਵਾੜੀ ਸੈਂਟਰਾਂ ਦੀਆਂ ਗਤੀਵਿਧੀਆਂ ਵਿੱਚ ਸਹਿਯੋਗ ਦੇਣ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਆਪਣਾ ਯੋਗਦਾਨ ਪਾਉਣ।