ਫਰੀਦਕੋਟ ਵਾਸੀਆਂ ਲਈ ਵੱਡੀ ਖੁਸ਼ਖਬਰੀ: 14.06 ਕਰੋੜ ਦੇ ਵਾਟਰ ਸਪਲਾਈ ਪ੍ਰੋਜੈਕਟ ਨੂੰ ਮਿਲੀ ਹਰੀ ਝੰਡੀ
ਫਰੀਦਕੋਟ ਵਾਸੀਆਂ ਲਈ ਵੱਡੀ ਖੁਸ਼ਖਬਰੀ: 14.06 ਕਰੋੜ ਦੇ ਵਾਟਰ ਸਪਲਾਈ ਪ੍ਰੋਜੈਕਟ ਨੂੰ ਮਿਲੀ ਹਰੀ ਝੰਡੀ
Publish Date: Thu, 23 Apr 2026 05:28 PM (IST)
Updated Date: Thu, 23 Apr 2026 05:31 PM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਸ਼ਹਿਰ ਦੀ ਵਾਟਰ ਸਪਲਾਈ ਵਿਵਸਥਾ ਨੂੰ ਅਧੁਨਿਕ ਅਤੇ ਸੁਚਾਰੂ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਪਹਿਲੇ ਪੜਾਅ ਤਹਿਤ 14.06 ਕਰੋੜ ਰੁਪਏ ਦੇ ਵੱਡੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਦੇ ਟੈਂਡਰ ਵੀ ਲਗਾਏ ਜਾ ਚੁੱਕੇ ਹਨ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ’ਚ ਪਾਣੀ ਦੀ ਕਿੱਲਤ ਖ਼ਤਮ ਹੋ ਜਾਵੇਗੀ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਸੰਜੇ ਨਗਰ ਵਾਟਰ ਵਰਕਸ ਵਿਖੇ 246 ਲੱਖ ਲੀਟਰ ਦੀ ਸਮਰੱਥਾ ਵਾਲਾ ਨਵਾਂ ਕਲੀਅਰ ਵਾਟਰ ਟੈਂਕ ਬਣਾਇਆ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਨਿਰਵਿਘਨ ਸਪਲਾਈ ਮਿਲ ਸਕੇ। ਇਸ ਤੋਂ ਇਲਾਵਾ ਪੂਰੇ ਸ਼ਹਿਰ ਵਿੱਚ 22.20 ਕਿਲੋਮੀਟਰ ਲੰਬਾਈ ਦੀਆਂ ਨਵੀਆਂ ਪਾਈਪਾਂ ਵਿਛਾਈਆਂ ਜਾਣਗੀਆਂ, ਜਿਸ ਨਾਲ ਹਰ ਗਲੀ-ਮੁਹੱਲੇ ਤੱਕ ਪਾਣੀ ਦੀ ਪਹੁੰਚ ਯਕੀਨੀ ਬਣੇਗੀ। ਪੁਰਾਣੀ ਕੈਂਟ ਰੋਡ, ਜੀ.ਟੀ.ਬੀ. ਨਗਰ, ਫ਼ਿਰੋਜ਼ਪੁਰ ਰੋਡ ਅਤੇ ਮੇਨ ਬਾਜ਼ਾਰ ਵਰਗੇ ਇਲਾਕਿਆਂ ਵਿੱਚ ਪੁਰਾਣੀਆਂ ਪਾਈਪਾਂ ਨੂੰ ਬਦਲ ਕੇ ਵੱਡੀਆਂ ਪਾਈਪਾਂ ਪਾਈਆਂ ਜਾਣਗੀਆਂ ਤਾਂ ਜੋ ਪਾਣੀ ਦਾ ਪ੍ਰੈਸ਼ਰ ਵਧਾਇਆ ਜਾ ਸਕੇ। ਇਸ ਯੋਜਨਾ ਤਹਿਤ 2000 ਘਰਾਂ ਨੂੰ ਨਵੇਂ ਵਾਟਰ ਕੁਨੈਕਸ਼ਨ ਵੀ ਦਿੱਤੇ ਜਾਣਗੇ। ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਬਾਜ਼ੀਗਰ ਬਸਤੀ ਅਤੇ ਸੰਜੇ ਨਗਰ ਵਾਟਰ ਵਰਕਸ ਦੀਆਂ ਕੰਧਾਂ ਦੀ ਉਸਾਰੀ ਅਤੇ ਮੁਰੰਮਤ ਦਾ ਕੰਮ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ 2ਐੱਸ6 ਕੈਂਪਸ ਵਿੱਚੋਂ ਲੰਘਦੀ ਪੁਰਾਣੀ ਇਨਲੈਟ ਚੈਨਲ ਪਾਈਪ ਨੂੰ ਵੀ ਬਦਲਿਆ ਜਾਵੇਗਾ। ਦੂਜੇ ਪੜਾਅ ਦੀ ਤਿਆਰੀ : ਪਹਿਲੇ ਪੜਾਅ ਦੇ ਨਾਲ-ਨਾਲ ਦੂਜੇ ਪੜਾਅ ਲਈ ਵੀ 8 ਕਰੋੜ ਰੁਪਏ ਦੇ ਇੱਕ ਹੋਰ ਪ੍ਰੋਜੈਕਟ ਤੇ ਕੰਮ ਚੱਲ ਰਿਹਾ ਹੈ। ਇਸ ਤਹਿਤ ਟੀਚਰ ਕਲੋਨੀ ਨਹਿਰਾਂ ਦੇ ਨੇੜੇ ਇੱਕ ਨਵਾਂ ਵੱਡਾ ਵਾਟਰ ਵਰਕਸ ਸਥਾਪਿਤ ਕਰਨ ਦੀ ਯੋਜਨਾ ਹੈ, ਜਿਸ ਲਈ ਜ਼ਮੀਨ ਦੀ ਭਾਲ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਜਲਦੀ ਹੀ ਇਹ ਪ੍ਰਕਿਰਿਆ ਪੂਰੀ ਕਰਕੇ ਦੂਜੇ ਪੜਾਅ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ।