- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰੀਦਕੋਟ ਪੁਲਿਸ ਵੱਲੋਂ 32 ਲੱਖ ਰੁਪਏ ਦੇ 135 ਗੁੰਮ ਹੋਏ ਮੋਬਾਇਲ ਫੋਨ ਅਸਲ ਮਾਲਕਾਂ ਦੇ ਕੀਤੇ ਹਵਾਲੇ,

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਮੋਬਾਇਲ ਫੋਨ ਇੱਕ ਸਾਧਾਰਣ ਡਿਵਾਈਸ ਨਹੀਂ, ਸਗੋਂ ਇੱਕ ਪੂਰੀ ਦੁਨੀਆਂ ਬਣ ਚੁੱਕਾ ਹੈ। ਇਹ ਸਿਰਫ਼ ਕਾਲ ਕਰਨ ਜਾਂ ਸੁਨੇਹੇ ਭੇਜਣ ਦਾ ਸਾਧਨ ਨਹੀਂ ਰਿਹਾ, ਸਗੋਂ ਮੋਬਾਈਲ ਵਿੱਚ ਹੀ ਹੁਣ ਸਾਡੀ ਜ਼ਿੰਦਗੀ ਦੀ ਕਲਮ ਲਿਖੀ ਜਾਂਦੀ ਹੈ। ਅਸੀਂ ਆਪਣੇ ਬੱਚਿਆਂ ਦੀ ਪਹਿਲੀ ਤਸਵੀਰ, ਮਾਂ ਦੇ ਆਖਰੀ ਸੰਦੇਸ਼, ਪੜਾਈ ਦੇ ਨੋਟਸ, ਨੌਕਰੀ ਦੇ ਡੌਕੂਮੈਂਟ, ਅਤੇ ਨਿੱਜੀ ਜਾਣਕਾਰੀ ਸਾਰਾ ਕੁਝ ਇਸ ਇੱਕ ਛੋਟੀ ਜਿਹੀ ਸਕਰੀਨ 'ਚ ਸੰਭਾਲ ਕੇ ਰੱਖਦੇ ਹਾਂ। ਫੋਨ ਗੁੰਮ ਹੋਣ ਦਾ ਦੁੱਖ, ਸਿਰਫ਼ ਵਿੱਤੀ ਨਹੀਂ, ਇਕ ਅੰਦਰੂਨੀ ਖਾਲੀਪਨ ਵਰਗਾ ਹੁੰਦਾ ਹੈ—ਜਿਵੇਂ ਆਪਣਾ ਇੱਕ ਅਹੰਮ ਅੰਗ ਹੀ ਖੋ ਗਿਆ ਹੋਵੇ। ਇਹੀ ਕਾਰਨ ਹੈ ਕਿ ਜਦ ਪੁਲਿਸ ਕਿਸੇ ਗੁੰਮ ਹੋਏ ਮੋਬਾਇਲ ਨੂੰ ਲੱਭ ਕੇ ਵਾਪਸ ਕਰਦੀ ਹੈ, ਤਾਂ ਉਹ ਸਿਰਫ਼ ਮਾਲਕ ਨੂੰ ਉਹਦਾ ਸਾਮਾਨ ਨਹੀਂ, ਸਗੋਂ ਇੱਕ ਭਰੋਸਾ, ਇਕ ਸੰਬੰਧ, ਇੱਕ ਯਾਦ ਮੁੜ ਸੌਂਪ ਰਹੀ ਹੁੰਦੀ ਹੈ। ਇਹੀ ਅਨੁਭਵ ਉਹਨਾਂ 135 ਲੋਕਾਂ ਦਾ ਸੀ, ਜਿਨ੍ਹਾਂ ਦੇ ਕਰੀਬ 32 ਲੱਖ ਰੁਪਏ ਕੀਮਤ ਦੇ ਮੋਬਾਇਲ ਫੋਨ ਲੱਭ ਕੇ ਵਾਪਿਸ ਕਰਵਾਈ ਗਏ। ਪੁਲਿਸ ਲਾਈਨ ਫਰੀਦਕੋਟ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਜਦ ਆਈ.ਜੀ ਫਰੀਦਕੋਟ ਰੇਂਜ ਨਿਲਾਂਬਰੀ ਜਗਦਲੇ ਅਤੇ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਅਸਲ ਮਾਲਕਾ ਨੂੰ ਵਾਪਸ ਕੀਤੇ ਗਏ, ਤਾਂ ਹਰ ਚਿਹਰੇ 'ਤੇ ਖੁਸ਼ੀ, ਹਲਕਾ ਹੰਝੂ ਅਤੇ ਧੰਨਵਾਦ ਦੇ ਅਹਿਸਾਸ ਜ਼ਾਹਰ ਹੋਏ। ਇਸ ਦੌਰਾਨ ਆਈ.ਜੀ ਫਰੀਦਕੋਟ ਰੇਂਜ ਨਿਲਾਂਬਰੀ ਜਗਦਲੇ ਨੇ ਕਿਹਾ ਕਿ ਫਰੀਦਕੋਟ ਪੁਲਿਸ ਨੇ ਇਹ ਮੋਬਾਇਲ 359 ਪੋਰਟਲ ਦੀ ਮਦਦ ਨਾਲ ਤਕਨੀਕੀ ਟਰੈਕਿੰਗ ਅਤੇ ਤੇਜ ਸਰਵਿਲਾਂਸ ਰਾਹੀਂ ਟਰੇਸ ਕਰਨ ਤੋਂ ਬਾਅਦ ਵਾਪਸ ਕਰਵਾਏ ਹਨ। ਇਸ ਲਈ ਫਰੀਦਕੋਟ ਪੁਲਿਸ ਵਧਾਈ ਦੀ ਪਾਤਰ ਹੈ, ਜਿਹਨਾ ਵੱਲੋਂ ਬੇਮਿਸਾਲ ਕਾਰਵਾਈ ਕਰਦੇ ਹੋਏ ਗੁੰਮ ਹੋਏ ਮੋਬਾਇਲ ਫੋਨਾ ਨੂੰ ਉਹਨਾ ਦੇ ਅਸਲ ਮਾਲਕਾ ਤੱਕ ਪਹੁੰਚਾਇਆ ਗਿਆ ਹੈ। ਉਹਨਾ ਕਿਹਾ ਕਿ ਇਹ ਮੋਬਾਇਲ ਬਰਾਮਦਗੀ ਮੁਹਿੰਮ ਫਰੀਦਕੋਟ ਜਿਲ੍ਹੇ ਅੰਦਰ ਸਥਿਤ ਥਾਣਾ ਸਾਈਬਰ ਕ੍ਰਾਈਮ, ਟੈਕਨੀਕਲ ਸੈੱਲ ਅਤੇ ਸਾਰੇ ਥਾਣਿਆ ਅੰਦਰ ਚਲਾਈ ਗਈ ਸੀ, ਜਿਸ ਨਾਲ ਕਿ ਇੰਨੀ ਵੱਡੀ ਮਾਤਰਾ ਵਿੱਚ ਮੋਬਾਇਲ ਵਾਪਿਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਉਹਨਾ ਦੱਸਿਆ ਕਿ ਇਸ ਤੋ ਪਹਿਲਾ ਵੀ ਫਰੀਦਕੋਟ ਪੁਲਿਸ ਵੱਲੋਂ ਪਿਛਲੇ 01 ਸਾਲ ਦੌਰਾਨ ਵੀ 85 ਲੱਖ ਦੀ ਲਗਭਗ ਕੀਮਤ ਦੇ 365 ਦੇ ਕਰੀਬ ਗੁੰਮ ਹੋਏ ਮੋਬਾਇਲ ਫੋਨ ਵਾਪਿਸ ਕਰਵਾਏ ਗਏ ਹਨ। ਇਸ ਦੇ ਨਾਲ ਹੀ ਉਹਨਾ ਕਿਹਾ ਕਿ ਸਾਡਾ ਮਕਸਦ ਸਿਰਫ਼ ਵਿੱਤੀ ਨੁਕਸਾਨ ਦੀ ਭਰਪਾਈ ਨਹੀਂ, ਸਗੋਂ ਨਿੱਜੀ ਡਾਟਾ ਦੀ ਸੁਰੱਖਿਆ ‘ਤੇ ਵੀ ਹੈ। ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਅੱਜ ਮੋਬਾਈਲ ਫੋਨ ਇਕ ਜ਼ਰੂਰਤ ਬਣ ਚੁੱਕਾ ਹੈ। ਲੋਕ ਆਪਣੇ ਨਿੱਜੀ ਡਾਟਾ, ਜਾਣਕਾਰੀ ਅਤੇ ਤਸਵੀਰਾਂ ਮੋਬਾਈਲ ਵਿਚ ਰੱਖਦੇ ਹਨ। ਮੋਬਾਇਲ ਗੁੰਮ ਹੋਣ ਨਾਲ ਵਿੱਤੀ ਨੁਕਸਾਨ ਤੋਂ ਇਲਾਵਾ, ਨਿੱਜੀ ਜਾਣਕਾਰੀ ਅਤੇ ਜਰੂਰੀ ਡਾਟਾ ਦੇ ਚੋਰੀ ਹੋਣ ਦਾ ਡਰ ਵੀ ਰਹਿੰਦਾ ਹੈ। ਉਹਨਾ ਕਿਹਾ ਕਿ, “ਸਾਡਾ ਧਿਆਨ ਸਿਰਫ਼ ਵਿੱਤੀ ਬਰਾਮਦਗੀ ਉੱਤੇ ਹੀ ਨਹੀਂ, ਸਗੋਂ ਸੰਵੇਦਨਸ਼ੀਲ ਨਿੱਜੀ ਡਾਟਾ ਦੇ ਗਲਤ ਇਸਤੇਮਾਲ ਨੂੰ ਰੋਕਣ ‘ਤੇ ਵੀ ਹੈ। ਇਸ ਮੌਕੇ ਡਾਕਟਰੀ ਦੇ ਪੇਸ਼ੇ ਵਜੋ ਕੰਮ ਕਰਦੇ ਸੰਜੀਵ ਸੇਠੀ ਨੇ ਦੱਸਿਆ ਕਿ ਉਹਨਾਂ ਦਾ ਮੋਬਾਇਲ ਗੁੰਮ ਹੋਣ ਨਾਲ ਸਿਰਫ਼ ਇੱਕ ਫੋਨ ਨਹੀਂ, ਸਗੋਂ ਮਰੀਜ਼ਾਂ ਦੀ ਮੈਡੀਕਲ ਹਿਸਟਰੀ, ਰਿਪੋਰਟਾਂ, ਸੰਪਰਕ ਨੰਬਰ ਅਤੇ ਜ਼ਰੂਰੀ ਨੋਟਸ ਵੀ ਖੋ ਜਾਣ ਦਾ ਡਰ ਬਣ ਗਿਆ ਸੀ। ਹਰ ਰੋਜ਼ ਇਹ ਚਿੰਤਾ ਰਹਿੰਦੀ ਸੀ ਕਿ ਕਿਤੇ ਇਹ ਸੰਵੇਦਨਸ਼ੀਲ ਡਾਟਾ ਗਲਤ ਹੱਥਾਂ ਵਿੱਚ ਨਾ ਪਹੁੰਚ ਜਾਵੇ। ਜਦ ਫਰੀਦਕੋਟ ਪੁਲਿਸ ਵੱਲੋਂ ਉਸਦਾ ਮੋਬਾਇਲ ਮੁੜ ਸੌਂਪਿਆ ਗਿਆ, ਤਾਂ ਉਹਨਾਂ ਨੂੰ ਅਜਿਹਾ ਲਗਿਆ ਜਿਵੇਂ ਕਿਸੇ ਨੇ ਉਹਨਾਂ ਦੀ ਪੇਸ਼ਾਵਰ ਜ਼ਿੰਮੇਵਾਰੀ ਦਾ ਭਾਰ ਹਟਾ ਦਿੱਤਾ ਹੋਵੇ। ਉਹ ਕਹਿੰਦੇ ਹਨ, “ਇਹ ਸਿਰਫ਼ ਫੋਨ ਨਹੀਂ ਮਿਲਿਆ, ਸਗੋਂ ਮੇਰਾ ਸੁਕੂਨ ਵਾਪਸ ਆਇਆ ਹੈ।” ਰਿਟਾਇਰ ਪੁਲਿਸ ਕਰਮਚਾਰੀ ਰਛਪਾਲ ਸਿੰਘ ਦੱਸਦੇ ਹਨ ਕਿ ਰਿਟਾਇਰਮੈਂਟ ਤੋਂ ਬਾਅਦ ਮੋਬਾਇਲ ਫੋਨ ਪਰਿਵਾਰ ਨਾਲ ਜੁੜਨ ਦਾ ਸਭ ਤੋਂ ਵੱਡਾ ਸਾਧਨ ਸੀ। ਬੱਚਿਆਂ ਦੀਆਂ ਤਸਵੀਰਾਂ, ਪੋਤਿਆਂ ਦੇ ਵੀਡੀਓ ਅਤੇ ਪੁਰਾਣੀਆਂ ਯਾਦਾਂ—ਸਾਰਾ ਕੁਝ ਉਸ ਵਿੱਚ ਸੁਰੱਖਿਅਤ ਸੀ। ਮੋਬਾਇਲ ਗੁੰਮ ਹੋਣ ਨਾਲ ਉਹ ਅੰਦਰੋਂ ਟੁੱਟ ਗਏ ਸਨ। ਜਦ ਮੋਬਾਇਲ ਮੁੜ ਮਿਲਿਆ ਤਾਂ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ। ਉਹ ਕਹਿੰਦੇ ਹਨ, “ਅੱਜ ਮੈਨੂੰ ਆਪਣਾ ਅਤੀਤ ਮੁੜ ਮਿਲਿਆ ਹੈ। ਫਰੀਦਕੋਟ ਪੁਲਿਸ ਨੇ ਸਾਬਤ ਕਰ ਦਿੱਤਾ ਕਿ ਪੁਲਿਸ ਸਿਰਫ਼ ਕਾਨੂੰਨ ਨਹੀਂ, ਭਰੋਸਾ ਵੀ ਹੁੰਦੀ ਹੈ।”। ਦੱਸਣਯੋਗ ਹੈ ਕਿ ਫਰੀਦਕੋਟ ਪੁਲਿਸ ਵੱਲੋਂ ਪਿਛਲੇ 01 ਸਾਲ ਦੌਰਾਨ 01 ਕਰੋੜ 17 ਲੱਖ ਤੋ ਵੱਧ ਕੀਮਤ ਦੇ ਗੁੰਮ ਹੋਏ ਕੁੱਲ 500 ਮੋਬਾਇਲ ਫੋਨ ਰਿਕਵਰ ਕਰਵਾਏ ਜਾ ਚੁੱਕੇ ਹਨ, ਇੰਨੀ ਵੱਡੀ ਗਿਣਤੀ ਵਿੱਚ ਗੁੰਮ ਹੋਏ ਮੋਬਾਇਲ ਫੋਨ ਵਾਪਿਸ ਹੋਣਾ ਆਪਣੇ-ਆਪ ਵਿੱਚ ਫਰੀਦਕੋਟ ਪੁਲਿਸ ਪ੍ਰਸ਼ਾਸ਼ਨ ਦੀ ਪਬਲਿਕ ਪ੍ਰਤੀ ਵਚਨਬੱਧਤਾ ਨੂੰ ਸਪੱਸਟ ਕਰਦਾ ਹੈ। ਇਸ ਦੇ ਨਾਲ ਹੀ ਫਰੀਦਕੋਟ ਪੁਲਿਸ ਵੱਲੋਂ ਪਿਛਲੇ ਸਮੇਂ ਦੌਰਾਨ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਅਲੱਗ-ਅਲੱਗ ਕੇਸਾ ਵਿੱਚ ਕਾਰਵਾਈ ਕਰਦੇ ਹੋਏ 01 ਕਰੋੜ 27 ਲੱਖ ਤੋ ਜਿਆਦਾ ਰੁਪਏ ਵਾਪਿਸ ਕਰਵਾਏ ਗਏ ਹਨ। ਇਸ ਤੋ ਇਲਾਵਾ ਹੋਰ 10 ਕੇਸਾਂ ਵਿੱਚ 10 ਲੱਖ ਰੁਪਏ ਵਾਪਸ ਕਰਵਾਉਣ ਸਬੰਧੀ ਮਾਮਲੇ ਅਦਾਲਤ ਵਿੱਚ ਚੱਲ ਰਹੇ ਹਨ।