ਏਕਿਊਆਈ ਦਾ 500 ਤੋਂ ਪਾਰ ਹੋਣਾ ਖਤਰੇ ਦੀ ਨਿਸ਼ਾਨੀ : ਪਿ੍ਸੀਪਲ ਟੁਰਨਾ
ਤਿਉਹਾਰਾਂ ਦੇ ਮਹੀਨਿਆਂ ’ਚ ਏ ਕਿਊ ਆਈ ਦਾ 500 ਤੋਂ ਪਾਰ ਹੋਣਾ ਖਤਰੇ ਦੀ ਨਿਸ਼ਾਨੀ : ਪਿ੍ਸੀਪਲ ਟੁਰਨਾ
Publish Date: Sun, 08 Feb 2026 03:53 PM (IST)
Updated Date: Mon, 09 Feb 2026 03:59 AM (IST)

ਭਾਈ ਘਨੱਈਆ ਸੁਸਾਇਟੀ ਨੇ ਵੰਡੀਆਂ ਜਾਗਰੂਕਤਾ ਵਾਲੀਆਂ ਕਾਪੀਆਂ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਹਵਾ ਦੇ ਪ੍ਰਦੂਸ਼ਣ ਦੇ ਪੈਮਾਨੇ ਨੂੰ ਏਅਰ ਕੁਆਲਟੀ ਇੰਡੈਕਸ (ਏ.ਕਿਊ.ਆਈ.) ਬੋਲਿਆ ਜਾਂਦਾ ਹੈ, ਜਿਸ ਵਿੱਚ ਸਿਰਫ ਕੋਵਿਡ ਦੇ ਦਿਨਾ ਵਿੱਚ ਸੁਧਾਰ ਆਇਆ, ਨਹੀਂ ਤਾਂ ਪੰਜਾਬ ਵਿੱਚ ਏ.ਕਿਊ.ਆਈ. 250 ਤੋਂ ਹੇਠਾਂ ਦੇਖਣ ਨੂੰ ਨਹੀਂ ਮਿਲਿਆ। ਸਥਾਨਕ ਦਸਮੇਸ਼ ਪਬਲਿਕ ਸਕੂਲ ਵਿਖੇ ‘ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਦੀਆਂ ਹਦਾਇਤਾਂ ’ਤੇ ਕੋਟਕਪੂਰਾ ਗਰੁੱਪ ਆਫ ਫੈਮਿਲੀਜ ਕੈਨੇਡਾ ਦੇ ਸਹਿਯੋਗ ਨਾਲ ਵਾਤਾਵਰਣ ਜਾਗਰੂਕਤਾ ਸੈਮੀਨਾਰ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਅਤੇ ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਖਿਆ ਕਿ ਵਿਦੇਸ਼ਾਂ ਵਿੱਚ ਏ ਕਿਊ ਆਈ 50 ਤੋਂ ਪਾਰ ਹੋਣ ’ਤੇ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਪੰਜਾਬ ਵਿੱਚ ਨਵੰਬਰ ਮਹੀਨੇ ਦੌਰਾਨ ਪਰਾਲੀ ਨੂੰ ਲੱਗਦੀਆਂ ਅੱਗਾਂ, ਕੂੜੇ ਦੇ ਢੇਰਾਂ ਵਿੱਚੋਂ ਨਿਕਲਦਾ ਧੂੰਆਂ ਅਤੇ ਤਿਉਹਾਰਾਂ ਮੌਕੇ ਹੁੰਦੀ ਆਤਿਸ਼ਬਾਜੀ ਨਾਲ ਏ ਕਿਊ ਆਈ 500 ਤੋਂ ਪਾਰ ਹੋਣਾ ਆਮ ਗੱਲ ਹੈ। ਉਹਨਾ ਹਵਾ ਦੇ ਪ੍ਰਦੂਸ਼ਣ ਤੋਂ ਇਲਾਵਾ ਮੀਂਹ ਦੇ ਪਾਣੀ ਦੀ ਬੱਚਤ, ਦਰੱਖਤਾਂ ਤੋਂ ਮਿਲਣ ਵਾਲੀ ਆਕਸੀਜਨ ਅਤੇ ਹੋਰ ਸਹੂਲਤਾਂ, ਡੂੰਘੇ ਹੁੰਦੇ ਜਾ ਰਹੇ ਪਾਣੀ, ਜੰਗਲ, ਜਲਗਾਹਾਂ, ਜਲਵਾਯੂ ਪਰਿਵਰਤਨ ਅਤੇ ਦਰਿਆਵਾਂ ਵਿੱਚ ਸੁੱਟੇ ਜਾ ਰਹੇ ਅਣਟਰੀਟਡ ਪ੍ਰਦੂਸ਼ਿਤ ਪਾਣੀਆਂ ਦੀ ਸਮੱਸਿਆ ਨੂੰ ਅੰਕੜਿਆਂ ਸਹਿਤ ਵਿਸਥਾਰ ਨਾਲ ਸਾਹਮਣੇ ਰੱਖਿਆ। ਸਕੂਲ ਮੁਖੀ ਪਿ੍ਸੀਪਲ ਡਾ. ਸੁਰਿੰਦਰ ਸਿੰਘ ਟੁਰਨਾ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਦੇਸ਼ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਲਾਵਾ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਨੇ ਬਕਾਇਦਾ ਮਤੇ ਪਾਸ ਕੀਤੇ ਹਨ ਕਿ ਉਹ ਦੀਵਾਲੀ ਜਾਂ ਖੁਸ਼ੀ ਦੇ ਸਮਾਗਮਾ ਮੌਕੇ ਪਟਾਕੇ ਜਾਂ ਆਤਿਸ਼ਬਾਜੀ ਨਹੀਂ ਚਲਾਉਂਦੇ। ਉਹਨਾ ਦੁਹਰਾਇਆ ਕਿ ਜੇਕਰ ਅਸੀਂ ਆਪਣੇ ਜੀਵਨ ਜਿਉਣ ਦੇ ਢੰਗ ਤਰੀਕਿਆਂ ਵਿੱਚ ਤਬਦੀਲੀ ਨਾ ਕੀਤੀ ਅਰਥਾਤ ਆਦਤਾਂ ਨਾ ਬਦਲੀਆਂ ਤਾਂ ਆਉਣ ਵਾਲੀ ਨਵੀਂ ਪੀੜੀ ਦਾ ਭਵਿੱਖ ਸੁਰੱਖਿਅਤ ਨਹੀਂ, ਕਿਉਂਕਿ ਦੁਨੀਆਂ ਦੇ 100 ਗੰਦੇ ਸ਼ਹਿਰਾਂ ਵਿੱਚੋਂ 90 ਤੋਂ 95 ਸ਼ਹਿਰ ਸਾਡੇ ਭਾਰਤ ਦੇਸ਼ ਮਹਾਨ ਦੇ ਆਉਂਦੇ ਹਨ। ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਉਹਨਾ ਦੀ ਸੰਭਾਲ ਕਰਨ ਦੇ ਨਾਲ ਨਾਲ ਪਟਾਕੇ, ਆਤਿਸ਼ਬਾਜੀ, ਡਿਸਪੋਜਲ ਅਤੇ ਪਲਾਸਟਿਕ ਦਾ ਤਿਆਗ ਕਰਨਾ ਚਾਹੀਦਾ ਹੈ। ਸਕੂਲ ਦੇ ਅਧਿਆਪਕ ਅਮਰਜੀਤ ਸਿੰਘ ਨੇ ਬਸੰਤ ਰੁੱਤ ਨਾਲ ਸਬੰਧਤ ਕਵਿਤਾ ਪੇਸ਼ ਕੀਤੀ। ਸੁਸਾਇਟੀ ਦੇ ਮੈਂਬਰਾਂ ਵਰਿੰਦਰਪਾਲ ਸਿੰਘ ਅਰਨੇਜਾ ਅਤੇ ਗੁਰਮੀਤ ਸਿੰਘ ਮੀਤਾ ਨੇ ਦੱਸਿਆ ਕਿ ਜਦੋਂ ਵਿਦਿਆਰਥੀਆਂ ਨੂੰ ਜਾਗਰੂਕਤਾ ਵਾਲੀਆਂ ਕਾਪੀਆਂ ਵੰਡੀਆਂ ਗਈਆਂ ਤਾਂ ਉਹਨਾਂ ਨੇ ਪ੍ਰਣ ਕੀਤਾ ਕਿ ਜਿੰਦਗੀ ਭਰ ਪਟਾਕੇ ਜਾਂ ਆਤਿਸ਼ਬਾਜੀ ਨਹੀਂ ਚਲਾਉਣਗੇ ਅਤੇ ਵਾਤਾਵਰਣ ਦੀ ਸੰਭਾਲ ਯਕੀਨੀ ਬਣਾਉਣਗੇ। ਇਸ ਮੌਕੇ ਪ੍ਰਸਿੱਧ ਭੰਗੜਾ ਕੋਚ ਦਿਲਪ੍ਰੀਤ ਸਿੰਘ ਬੱਬੂ ਸਮੇਤ ਹੋਰ ਵੀ ਪਤਵੰਤੇ ਹਾਜਰ ਸਨ।