ਹਰੇਕ ਨੂੰ ਮਿਲੇਗਾ 10 ਲੱਖ ਤਕ ਦਾ ਮੁਫ਼ਤ ਇਲਾਜ : ਮਨਪ੍ਰੀਤ ਕੌਰ
ਹਰ ਕਿਸੇ ਨੂੰ ਮਿਲੇਗਾ 10 ਲੱਖ ਤਕ ਦਾ ਮੁਫ਼ਤ ਇਲਾਜ : ਮਨਪ੍ਰੀਤ ਕੌਰ
Publish Date: Sun, 08 Mar 2026 03:56 PM (IST)
Updated Date: Mon, 09 Mar 2026 04:00 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਦੀ ਧਰਮਪਤਨੀ ਮਨਪ੍ਰੀਤ ਕੌਰ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਬਣ ਰਹੇ ਸਿਹਤ ਬੀਮਾ ਕਾਰਡਾਂ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਪਿੰਡ ਕਾਸਮ ਭੱਟੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਚੱਲ ਰਹੇ ਸੈਂਟਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਕਾਰਡ ਬਣਵਾਉਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੌਕੇ ‘ਆਪ’ ਮਹਿਲਾ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਹਰ ਇਕ ਪਰਿਵਾਰ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਦੇਣ ਦੀ ਨਿਵੇਕਲੀ ਪਹਿਲ ਦੀ ਵਿਰੋਧੀ ਵੀ ਪ੍ਰਸ਼ੰਸਾ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਸਿਹਤ ਬੀਮਾ ਕਾਰਡ ਬਹੁਤ ਜ਼ਰੂਰੀ ਹੈ। ‘ਆਪ’ ਮਹਿਲਾ ਆਗੂ ਨੇ ਕਿਹਾ ਕਿ ਇਹ ਸਿਹਤ ਬੀਮਾ ਕਾਰਡ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਤਰ੍ਹਾਂ ਦੇ ਹਸਪਤਾਲਾਂ ਵਿਚ ਮਾਨਤਾ ਪ੍ਰਾਪਤ ਹੈ, ਜਿਸ ਨਾਲ ਆਮ ਲੋਕਾਂ ਨੂੰ ਮਹਿੰਗੇ ਇਲਾਜ ਤੋਂ ਵੱਡੀ ਰਾਹਤ ਮਿਲੇਗੀ। ਇਸ ਯੋਜਨਾ ਦੇ ਦਾਇਰੇ ਵਿਚ ਦੋ ਹਜ਼ਾਰ ਤੋਂ ਵੱਧ ਸਿਹਤ ਸੇਵਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿਚ ਛੋਟੀਆਂ ਬਿਮਾਰੀਆਂ ਤੋਂ ਲੈਕੇ ਵੱਡੇ ਆਪ੍ਰੇਸ਼ਨ ਵੀ ਕੀਤੇ ਜਾਣਗੇ ਅਤੇ ਇਹ ਕਦਮ ਪੰਜਾਬ ਦੇ ਸਿਹਤ ਢਾਂਚੇ ’ਚ ਇਕ ਵੱਡੀ ਕ੍ਰਾਂਤੀ ਸਾਬਿਤ ਹੋਵੇਗਾ। ‘ਆਪ’ ਮਹਿਲਾ ਆਗੂ ਮਨਪ੍ਰੀਤ ਕੌਰ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਹੋਰ ਸਰਲ ਅਤੇ ਤੇਜ਼ ਬਣਾਇਆ ਜਾਵੇ ਤਾਂ ਜੋ ਕੋਈ ਵੀ ਯੋਗ ਪਰਿਵਾਰ ਇਸ ਯੋਜਨਾ ਤੋਂ ਵਾਂਝਾ ਨਾ ਰਹੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਆ ਕੇ ਆਪਣੇ ਸਿਹਤ ਬੀਮਾ ਕਾਰਡ ਬਣਵਾਉਣ ਅਤੇ ਸਰਕਾਰ ਦੀ ਇਸ ਲੋਕ-ਹਿਤੈਸ਼ੀ ਯੋਜਨਾ ਦਾ ਲਾਹਾ ਲੈਣ। ਇਸ ਮੌਕੇ ਸਰਪੰਚ ਹਰਪਾਲ ਚੰਦ, ਪੰਚ ਸੁਖਪ੍ਰੀਤ ਸਿੰਘ, ਪੰਚ ਰਾਜ ਕੁਮਾਰ, ‘ਆਪ’ ਆਗੂ ਹਰਦੀਪ ਸਿੰਘ ਥਿੰਦ, ਬੇਅੰਤ ਸਿੰਘ ਲਾਡੀ, ਤੁਲਸੀ ਰਾਮ, ਸੁਖਵਿੰਦਰ ਸਿੰਘ ਭੱਟੀ, ਸਰਕਾਰੀ ਮਿਡਲ ਸਕੂਲ ਕਾਸਮ ਭੱਟੀ ਦੇ ਮੁੱਖ ਅਧਿਆਪਕ ਜਗਜੀਤ ਸਿੰਘ, ਅਧਿਆਪਕ ਸੁਰਿੰਦਰ ਸਿੰਘ, ਅਧਿਆਪਕਾ ਅਕਸ਼ਪ੍ਰੀਤ ਕੌਰ, ਅਧਿਆਪਕਾ ਇੰਦਰਪ੍ਰੀਤ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਕਾਸਮ ਭੱਟੀ ਦੇ ਮੁੱਖ ਅਧਿਆਪਕ ਮਨਪ੍ਰੀਤ ਸਿੰਘ, ਅਧਿਆਪਕ ਹਰਪਾਲ ਸਿੰਘ, ਅਧਿਆਪਕ ਗੁਰਪ੍ਰੀਤ ਸਿੰਘ, ਅਧਿਆਪਕਾ ਸਿਮਰਪਾਲ ਕੌਰ, ਅਧਿਆਪਕਾ ਸੁਖਵਿੰਰ ਕੌਰ ਅਤੇ ਸੇਵਾ ਕੇਂਦਰ ਦੇ ਮੁਲਾਜ਼ਮ ਲਖਵਿੰਦਰ ਸਿੰਘ ਬਰਾੜ, ਉਪਿੰਦਰ ਸਿੰਘ, ਸ਼ਵਿੰਦਰ ਸਿੰਘ ਆਦਿ ਹਾਜ਼ਰ ਸਨ।