ਸ਼ਿਵਾਲਿਕ ਕਿਡਜ਼ ਸਕੂਲ ਜੈਤੋ ’ਚ ਪ੍ਰੋਗਰਾਮ ਕਰਵਾਇਆ
ਸ਼ਿਵਾਲਿਕ ਕਿਡਜ਼ ਸਕੂਲ ਜੈਤੋ ’ਚ ਧਰਤੀ ਦਿਵਸ ਮਨਾਇਆ
Publish Date: Fri, 24 Apr 2026 04:51 PM (IST)
Updated Date: Sat, 25 Apr 2026 04:02 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸ਼ਿਵਾਲਿਕ ਕਿਡਜ਼ ਸਕੂਲ, ਸਾਹਮਣੇ ਸ਼੍ਰੀ ਹਨੂੰਮਾਨ ਮੰਦਰ (ਪੰਚਾਇਤੀ ਗਊਸ਼ਾਲਾ ਰੋਡ) ਜੈਤੋ ਵਿਚ ਧਰਤੀ ਦਿਵਸ ਬੜੇ ਉਤਸ਼ਾਹ ਅਤੇ ਜਾਗਰੂਕਤਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵੱਲੋਂ ਰੁੱਖ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਵਿਚ ਚੌਥੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵਾਤਾਵਰਣ ਸੰਰੱਖਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੇ ਸਕੂਲ ਕੰਪਲੈਕਸ ਵਿਚ ਪੌਦੇ ਲਗਾ ਕੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਆਪਣੀ ਜ਼ਿੰਮੇਵਾਰੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬੱਚਿਆਂ ਨੂੰ ਪ੍ਰਕਿਰਤੀ ਦੀ ਸਾਂਭ-ਸੰਭਾਲ ਅਤੇ ਸਾਫ਼-ਸੁਥਰੇ ਵਾਤਾਵਰਣ ਦੀ ਮਹੱਤਤਾ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਕੂਲ ਦੁਆਰਾ ਤਿਆਰ ਕੀਤਾ ਗਿਆ ਨਵਾਂ ਖੇਡ ਗਰਾਊਂਡ ਵੀ ਜਲਦ ਹੀ ਵਿਦਿਆਰਥੀਆਂ ਲਈ ਸਮਰਪਿਤ ਕੀਤਾ ਜਾਣਾ ਹੈ, ਜਿਸ ਨਾਲ ਉਹਨਾਂ ਨੂੰ ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਲਈ ਬਿਹਤਰ ਸਹੂਲਤਾਂ ਮਿਲਣਗੀਆਂ। ਇਹ ਉਪਰਾਲਾ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਨੂੰ ਮਜ਼ਬੂਤੀ ਦੇਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਤੋਂ ਇਲਾਵਾ ਪ੍ਰੀ-ਨਰਸਰੀ ਜਮਾਤ ਤੋਂ ਲੈ ਕੇ ਤੀਜੀ ਜਮਾਤ ਤੱਕ ਦੇ ਬੱਚਿਆਂ ਦੀਆਂ ਵੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਖਾਸ ਅਸੈਂਬਲੀ, ਭਾਸ਼ਣ ਅਤੇ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਛੋਟੇ ਬੱਚਿਆਂ ਵਿਚ ਧਰਤੀ ਦੀ ਸੰਭਾਲ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ ਗਈ। ਇਹ ਸਾਰਾ ਪ੍ਰੋਗਰਾਮ ਸਕੂਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਗਿੱਲ ਦੀ ਰਹਿਨੁਮਾਈ ਹੇਠ ਸਫ਼ਲਤਾਪੂਰਵਕ ਕਰਵਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ (ਗੋਰੀਆ), ਪ੍ਰਧਾਨ ਅਸ਼ੋਕ ਕੁਮਾਰ ਗਰਗ, ਡਾਇਰੈਕਟਰ ਦੀਪੀ ਗਰਗ, ਮੈਨੇਜਿੰਗ ਡਾਇਰੈਕਟਰ ਗੌਰਵ ਕੁਮਾਰ ‘ਲੱਕੀ ਗਰਗ’, ਮੈਂਬਰ ਜਗਮੇਲ ਸਿੰਘ ਬਰਾੜ, ਮੈਂਬਰ ਘਨੱਈਆ ਲਾਲ ਗਰਗ ਅਤੇ ਮੈਂਬਰ ਅੰਕੁਰ ਗਰਗ ਨੇ ਵਿਦਿਆਰਥੀਆਂ ਅਤੇ ਸਟਾਫ਼ ਦੇ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ। ਮੈਨੇਜਮੈਂਟ ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਵਿਚ ਵਾਤਾਵਰਣ ਪ੍ਰਤੀ ਸੂਝ-ਬੂਝ ਪੈਦਾ ਕਰਦੇ ਹਨ ਅਤੇ ਸਕੂਲਾਂ ਵਿਚ ਇੱਕ ਸਿਹਤਮੰਦ ਅਤੇ ਸਿੱਖਣਯੋਗ ਮਾਹੌਲ ਤਿਆਰ ਕਰਦੇ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਂਮ ਲਗਾਤਾਰ ਕਰਵਾਏ ਜਾਣ।