ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਕਾਪੀਆਂ ਵੰਡੀਆਂ
ਵਾਤਾਵਰਣ ਪਲੀਤ ਹੋਣ ਕਾਰਨ ਘਰ ਘਰ ਵਿੱਚ ਲੱਗ ਚੁੱਕੇ ਹਨ ਦਵਾਈਆਂ ਦੇ ਡੱਬੇ!
Publish Date: Sun, 25 Jan 2026 03:50 PM (IST)
Updated Date: Mon, 26 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਅੱਜ ਘਰ ਘਰ ਦਵਾਈਆਂ ਦੇ ਇਕ ਇਕ ਮੈਂਬਰ ਲਈ ਲੱਗੇ ਵੱਖੋ ਵੱਖਰੇ ਡੱਬੇ, ਸਿਰਫ ਵਾਤਾਵਰਣ ਪਲੀਤ ਹੋਣ ਦਾ ਨਤੀਜਾ ਹਨ, ਕਿਉਂਕਿ ਵਾਤਾਵਰਣ ਦੀ ਸੰਭਾਲ ਨਾਲ ਅਸੀਂ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਹਾਂ। ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀਆਂ ਹਦਾਇਤਾਂ ’ਤੇ ਕੋਟਕਪੂਰਾ ਗਰੁੱਪ ਆਫ ਫੈਮਿਲੀਜ ਕੈਨੇਡਾ ਦੇ ਸਹਿਯੋਗ ਨਾਲ ਨੇੜਲੇ ਪਿੰਡ ਘਣੀਏਵਾਲਾ-ਜਿਉਣਵਾਲਾ ਦੇ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਵਾਤਾਵਰਣ ਜਾਗਰੂਕਤਾ ਸੈਮੀਨਾਰ ਦੌਰਾਨ ਮੁੱਖ ਵਕਤਾ ਵਜੋਂ ਪੁੱਜੇ ਸੁਸਾਇਟੀ ਦੇ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਸਾਨੂੰ ਰੁੱਖਾਂ ਦੀ ਮਹੱਤਤਾ ਦਾ ਪਤਾ ਲੱਗਾ, ਕਿਉਂਕਿ ਦਰੱਖਤਾਂ ਵੱਲੋਂ ਮੁਫਤ ਮਿਲ ਰਹੀ ਆਕਸੀਜਨ ਦਾ ਸਿਲੰਡਰ ਕਰੋੜ ਕਰੋੜ ਰੁਪਏ ਵਿੱਚ ਵਿਕਣ ਦੀਆਂ ਖਬਰਾਂ ਮੀਡੀਏ ਦੀਆਂ ਸੁਰਖੀਆਂ ਬਣੀਆਂ ਪਰ ਸੰਕਟ ਟਲਣ ਤੋਂ ਬਾਅਦ ਅਸੀਂ ਫਿਰ ਸਾਰਾ ਕੁਝ ਭੁਲਾ ਦਿੱਤਾ। ਉਹਨਾ ਅੰਕੜਿਆਂ ਸਹਿਤ ਦਲੀਲ ਨਾਲ ਉਦਾਹਰਨਾ ਦੇ ਕੇ ਵਾਤਾਵਰਣ ਪਲੀਤ ਹੋਣ ਨਾਲ ਪਣਪ ਰਹੀਆਂ ਭਿਆਨਕ ਬਿਮਾਰੀਆਂ ਸਮੇਤ ਹੋਰ ਮੁਸ਼ਕਿਲਾਂ, ਸਮੱਸਿਆਵਾਂ, ਪ੍ਰੇਸ਼ਾਨੀਆਂ ਅਤੇ ਚੁਣੌਤੀਆਂ ਦਾ ਵੀ ਵਿਸਥਾਰ ਵਿੱਚ ਜਿਕਰ ਕੀਤਾ। ਸਟੇਜ ਸੰਚਾਲਨ ਕਰਦਿਆਂ ਮਾ ਪ੍ਰਦੀਪ ਸਿੰਘ ਔਲਖ ਨੇ ਮੁੱਖ ਵਕਤਾ ਅਤੇ ਉਹਨਾ ਨਾਲ ਆਏ ਸੁਸਾਇਟੀ ਦੇ ਸੀਨੀਅਰ ਮੈਂਬਰ ਵਰਿੰਦਰਪਾਲ ਸਿੰਘ ਅਰਨੇਜਾ ਦੀ ਜਾਣ ਪਛਾਣ ਕਰਵਾਈ। ਸਕੂਲ ਮੁਖੀ ਪਿ੍ਰੰਸੀਪਲ ਸ਼ਸ਼ੀ ਬਾਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਬੱਚਿਆਂ ਨੂੰ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਵੰਡੀਆਂ ਗਈਆਂ। ਅੰਤ ਵਿੱਚ ਸਕੂਲ ਵੱਲੋਂ ਮੁੱਖ ਵਕਤਾ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਵਰਿੰਦਰਪਾਲ ਸਿੰਘ ਅਰਨੇਜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।