ਪੰਚਾਇਤਾਂ ਚਾਈਨਾ ਡੋਰ ਦਾ ਬਾਈਕਾਟ ਕਰਨ : ਮਹਿੰਦੀਰੱਤਾ
ਚਾਈਨਾ ਡੋਰ ਕਾਰਨ ਘਰਾਂ ਵਿੱਚ ਵਿੱਛ ਰਹੇ ਹਨ ਸੱਥਰ, ਇਸ ਦੇ ਬਾਈਕਾਟ ਦੀ ਲੋੜ : ਪ੍ਰਿੰ. ਪੰਨਾ ਲਾਲ
Publish Date: Thu, 29 Jan 2026 03:51 PM (IST)
Updated Date: Fri, 30 Jan 2026 04:01 AM (IST)
ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਨੇ ਜਾਗਰੂਕਤਾ ਸੈਮੀਨਾਰ ਕਰਵਾਇਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸਥਾਨਕ ਡਾ. ਹਰੀ ਸਿੰਘ ਸੇਵਕ ਸਰਕਾਰੀ ਸਕੂਲ ਆਫ ਐਮੀਨੈਂਸ ਵਿਖੇ ਪ੍ਰਸਿੱਧ ਸਮਾਜਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਚਾਈਨਾ ਡੋਰ ਦੇ ਨੁਕਸਾਨ ਸਬੰਧੀ ਕਰਵਾਏ ਗਏ ਸੈਮੀਨਾਰ ਦੌਰਾਨ ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਜਨਰਲ ਸਕੱਤਰ ਪ੍ਰੋ. ਐਚ.ਐਸ. ਪਦਮ, ਜੁਆਂਇੰਟ ਸਕੱਤਰ ਮਾ. ਮੁਖਤਿਆਰ ਸਿੰਘ ਮੱਤਾ, ਪ੍ਰੈੱਸ ਸਕੱਤਰ ਗੁਰਮੀਤ ਸਿੰਘ ਮੀਤਾ, ਪੀਆਰਓ ਮਾ. ਸੋਮਨਾਥ ਅਰੋੜਾ ਨੇ ਦੱਸਿਆ ਕਿ ਸਰਕਾਰ, ਪ੍ਰਸ਼ਾਸ਼ਨ ਅਤੇ ਅਦਾਲਤਾਂ ਦੀਆਂ ਸਖਤ ਹਦਾਇਤਾਂ, ਪਾਬੰਦੀਆਂ ਆਦਿ ਦੇ ਬਾਵਜੂਦ ਵੀ ਚਾਈਨਾ ਡੋਰ ਨੇ ਖੂਨੀ ਡੋਰ ਵਜੋਂ ਆਪਣਾ ਰੁਖ ਅਖਤਿਆਰ ਕਰ ਲਿਆ ਹੈ। ਉਹਨਾ ਅੰਕੜਿਆਂ ਸਹਿਤ ਵੇਰਵੇ ਦਿੰਦਿਆਂ ਦੱਸਿਆ ਕਿ ਸਮਰਾਲਾ ਨੇੜਲੇ ਪਿੰਡ ਰੋਹਲੇ ਦਾ ਮਾਪਿਆਂ ਦਾ ਇਕਲੌਤਾ ਪੁੱਤਰ ਦਸਵੀਂ ਜਮਾਤ ਦਾ ਹੋਣਹਾਰ ਵਿਦਿਆਰਥੀ ਤਰਨਜੋਤ ਸਿੰਘ 15 ਸਾਲ ਦੀ ਉਮਰ ਵਿੱਚ ਚਾਈਨਾ ਡੋਰ ਦੀ ਭੇਂਟ ਚੜ ਗਿਆ, ਹਲਵਾਰਾ ਨੇੜਲੇ ਪਿੰਡ ਅਕਾਲਗੜ੍ਹ ਦੀ ਵਿਆਹੁਤਾ ਲੜਕੀ ਮੁੱਲਾਂਪੁਰ ਤੋਂ ਰਾਏਕੋਟ ਨੂੰ ਜਾਣ ਵਾਲੀ ਸੜਕ ’ਤੇ ਚਾਈਨਾ ਡੋਰ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਈ, ਉਸਦਾ ਦੋ ਸਾਲ ਦਾ ਮਾਸੂਮ ਬੱਚਾ ਡੋਰਭੋਰ ਹੋਇਆ ਆਪਣੀ ਮਾਂ ਦੀ ਭਾਲ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਨੈਸ਼ਨਲ ਗਰੀਨ ਟਿ੍ਰਬਿਊਨਲ (ਐਨਜੀਟੀ) ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ ਵੇਚਣ/ਖਰੀਦਣ ਵਾਲਿਆਂ ਦੀ ਸੂਚਨਾ ਦੇਣ ਵਾਲਿਆਂ ਲਈ 25 ਹਜਾਰ ਰੁਪਏ ਨਗਦ ਇਨਾਮ ਦੇਣ, ਹੈਲਪ ਲਾਈਨ ਨੰਬਰ ਜਾਰੀ ਕਰਨ, ਮੁਕੰਮਲ ਪਾਬੰਦੀ ਲਾਉਣ ਆਦਿ ਵਰਗੀਆਂ ਸਖਤੀਆਂ ਦੇ ਬਾਵਜੂਦ ਵੀ ਚਾਈਨਾ ਡੋਰ ਕਾਰਨ ਲੋਕਾਂ ਦੇ ਘਰਾਂ ਵਿੱਚ ਸੱਥਰ ਵਿੱਛ ਰਹੇ ਹਨ, ਚਾਈਨਾ ਡੋਰ ਦੀ ਭੇਂਟ ਚੜ ਕੇ ਕਈਆਂ ਦੇ ਚਿਹਰੇ ਬਦਸੂਰਤ ਹੋ ਗਏ, ਕਈਆਂ ਦੇ ਸਰੀਰ ਦੇ ਵੱਖ ਵੱਖ ਅੰਗਾਂ ’ਤੇ ਕਈ ਕਈ ਟਾਂਕੇ ਲੱਗੇ, ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਚਾਈਨਾ ਡੋਰ ’ਤੇ ਮੁਕੰਮਲ ਪਾਬੰਦੀ ਲਾਉਣ ਦੇ ਮਤੇ ਪਾਸ ਕੀਤੇ ਪਰ ਜਦੋਂ ਤੱਕ ਅਸੀਂ ਚਾਈਨਾ ਡੋਰ ਦਾ ਮੁਕੰਮਲ ਬਾਈਕਾਟ ਨਹੀਂ ਕਰਾਂਗੇ, ਉਦੋਂ ਤੱਕ ਸਮੱਸਿਆ ਬਰਕਰਾਰ ਰਹੇਗੀ। ਪ੍ਰਿੰਸੀਪਲ ਪੰਨਾ ਲਾਲ ਨੇ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਅੱਜ ਚਾਈਨਾ ਡੋਰ ਕਾਰਨ ਬਹੁਤ ਸਾਰੇ ਪੰਛੀ ਭੁੱਖ ਨਾਲ ਅਤੇ ਜਾਂ ਤੜਪ ਤੜਪ ਕੇ ਮਰਨ ਲਈ ਮਜਬੂਰ ਹਨ, ਜਿਸ ਦੇ ਜਿੰਮੇਵਾਰ ਅਸੀਂ ਖੁਦ ਹਾਂ। ਉਹਨਾਂ ਬੱਚਿਆਂ ਨੂੰ ਸਾਰੀ ਉਮਰ ਚਾਈਨਾ ਡੋਰ ਨਾ ਵਰਤਣ ਦਾ ਪ੍ਰਣ ਵੀ ਕਰਵਾਇਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਰਿੰਦਰ ਸਚਦੇਵਾ, ਵਰਿੰਦਰ ਪਾਲ ਸਿੰਘ ਅਰਨੇਜਾ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਹਾਜਰ ਸਨ।