ਸੜਕ ’ਤੇ ਪਏ ਟੋਏ ਕਾਰਨ ਰਾਹਗੀਰ ਪਰੇਸ਼ਾਨ
ਸਾਦਿਕ ਰੋਡ ’ਤੇ ਖੱਬੇ ਹੱਥ ਚੱਲਣਾ ਖਤਰੇ ਤੋਂ ਖਾਲੀ ਨਹੀਂ : ਢੋਸੀਵਾਲ
Publish Date: Sun, 12 Apr 2026 03:55 PM (IST)
Updated Date: Mon, 13 Apr 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਸਥਾਨਕ ਸਾਦਿਕ ਰੋਡ ਸ਼ਹਿਰ ਦੀ ਮੁੱਖ ਸੜਕ ਗੁਰੂ ਹਰਸਹਾਏ, ਜਲਾਲਾਬਾਦ ਅਤੇ ਫਿਰੋਜ਼ਪੁਰ ਸ਼ਹਿਰਾਂ ਸਮੇਤ ਕਈ ਪਿੰਡਾਂ ਨੂੰ ਜੋੜਦੀ ਹੈ। ਇਸ ਸੜਕ ਤੋਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਵਹੀਕਲਜ਼ ਅਤੇ ਆਮ ਲੋਕ ਲੰਘਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਸੜਕ ਦਾ ਖੱਬਾ ਪਾਸਾ ਬਹੁਤ ਲੰਮੇ ਸਮੇਂ ਤੋਂ ਖਰਾਬ ਚੱਲਿਆ ਆ ਰਿਹਾ ਹੈ, ਕਈ ਥਾਵਾਂ ਤੋਂ ਜ਼ਮੀਨ ਵਿੱਚ ਧੱਸ ਚੁੱਕਿਆ ਹੈ ਅਤੇ ਖੱਡੇ ਬਣੇ ਹੋਏ ਹਨ। ਅਨੇਕਾਂ ਵਾਰ ਹਾਦਸੇ ਵਾਪਰ ਚੁੱਕੇ ਹਨ। ਇਸ ਅਣਗਹਿਲੀ ਵਿੱਚ ਸਬੰਧਤ ਮਹਿਕਮੇ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਸਪੱਸ਼ਟ ਨਜ਼ਰ ਆਉਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਪ੍ਰਸ਼ਾਸਨ ਵੱਲੋਂ ਕਈ ਵਾਰ ਇਸ ਸੜਕ ਦੀ ਮੁਰੰਮਤ ਕਰਨ ਬਹਾਨੇ ਲੀਪਾ-ਪੋਤੀ ਕੀਤੀ ਗਈ ਹੈ। ਪਰੰਤੂ ਕੋਈ ਸਾਰਥਿਕ ਹੱਲ ਨਹੀਂ ਨਿਕਲਿਆ। ਭਾਵੇਂ ਦੇਸ਼ ਅੰਦਰ ਸਰਕਾਰੀ ਨਿਯਮਾਂ ਅਨੁਸਾਰ ਖੱਬੇ ਹੱਥ ਚੱਲਣ ਦਾ ਨਿਯਮ ਹੈ, ਪਰੰਤੂ ਇਸ ਸੜਕ ’ਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਜਾਪਦਾ। ਸੜਕ ਦੇ ਖੱਬੇ ਪਾਸੇ ਹਰ ਚਾਲਕ ਆਪਣਾ ਵਹੀਕਲ ਲਿਜਾਣ ਤੋਂ ਗੁਰੇਜ ਕਰਦਾ ਹੈ। ਐਨਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਆਉਣ ਜਾਣ ਵਾਲੇ ਮਰੀਜ਼ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੀ ਡਿਊਟੀ ਲਈ ਆਉਣ ਵਾਲੇ ਡਾਕਟਰ ਅਤੇ ਹੋਰ ਸਟਾਫ ਵੀ ਹਰ ਰੋਜ਼ ਜੋਖਮ ਝੱਲਦੇ ਹਨ। ਇੰਜ ਜਾਪਦਾ ਹੈ ਜਿਵੇਂ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ। ਆਮ ਲੋਕਾਂ ਨੇ ਆਪਣੇ ਪੱਧਰ ’ਤੇ ਸੜਕ ਉੱਤੇ ਬਣੇ ਖੱਡਿਆਂ ਨੂੰ ਦਰਖਤਾਂ ਦੀਆਂ ਟਾਹਣੀਆਂ ਆਦਿ ਰੱਖ ਕੇ ਰਾਹਗੀਰਾਂ ਨੂੰ ਸੁਚੇਤ ਕਰਨ ਦਾ ਉਪਰਾਲਾ ਕੀਤਾ ਹੈ। ਢੋਸੀਵਾਲ ਨੇ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾ ਕੇ ਸਥਾਈ ਹੱਲ ਲੱਭਿਆ ਜਾਵੇ ਅਤੇ ਲੰਮੇ ਸਮੇਂ ਤੋਂ ਲੋਕਾਂ ਦੇ ਜੀਵਨ ਨੂੰ ਖਤਰੇ ਵਿਚ ਪਾਉਣ ਵਾਲੇ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਬਹੁਤ ਜਲਦੀ ਇਸ ਸੜਕ ਦਾ ਪੁਖਤਾ ਹੱਲ ਕੀਤਾ ਜਾਵੇਗਾ।